
ਜਲੰਧਰ, 18 ਜੂਨ : ਰਾਮਾਮੰਡੀ ਫਲਾਈ ਓਵਰ ਹੇਠਾਂ ਬੱਸ ਦੀ ਉਡੀਕ ਕਰ ਰਹੇ ਜੋੜੇ ਤੋਂ ਤਿੰਨ ਬਾਈਕ ਸਵਾਰ ਝਪਟਮਾਰ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਪਤੀ-ਪਤਨੀ ਨੇ ਮੋਬਾਈਲ ਫੋਨ ਖੋਹਣ ਵਾਲੇ ਮੁਲਜ਼ਮਾਂ ਦਾ ਵਿਰੋਧ ਕੀਤਾ ਤੇ ਫੜਨ ਦੀ ਕੋਸ਼ਿਸ਼ ਕੀਤੀ ਪਰ ਬਾਈਕ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਉਹ ਭੱਜਣ ’ਚ ਸਫਲ ਹੋ ਗਏ, ਜਿਸ ਦੀ ਸ਼ਿਕਾਇਤ ਤੋਪਖਾਨਾ ਬਾਜ਼ਾਰ ਜਲੰਧਰ ਕੈਂਟ ਵਾਸੀ ਜਸਪਾਲ ਸਿੰਘ ਨੇ ਥਾਣਾ ਕੈਂਟ ਦੀ ਪੁਲਿਸ ਨੂੰ ਦਿੱਤੀ। ਥਾਣਾ ਕੈਂਟ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਦੀਪ ਚੰਦ ਨੇ ਜਾਂਚ ਦੌਰਾਨ ਬਾਈਕ ਝਪਟਮਾਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੁਲਜ਼ਮ ਫ਼ਰਾਰ ਚੱਲ ਰਹੇ ਹਨ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਆਪਣੀ ਪਤਨੀ ਨਾਲ ਰਾਮਾ ਮੰਡੀ ਫਲਾਈਓਵਰ ਹੇਠ ਐਤਵਾਰ ਦੁਪਿਹਰ ਇੰਡੋ-ਕੈਨੇਡੀਅਨ ਬੱਸ ਦੀ ਉਡੀਕ ਕਰਦੇ ਹੋਏ ਬੱਸ ਦੀ ਜਾਣਕਾਰੀ ਮੋਬਾਈਲ ਤੇ ਦੇਖ ਰਹੇ ਸਨ। ਉਸੇ ਦੌਰਾਨ ਇਕ ਬਾਈਕ ’ਤੇ ਸਵਾਰ ਹੋ ਕੇ ਤਿੰਨ ਨੌਜਵਾਨ ਉਨ੍ਹਾਂ ਕੋਲ ਆ ਕੇ ਰੁਕੇ ਤੇ ਉਨ੍ਹਾਂ ਦੋਵਾਂ ਹੱਥੋਂ ਮੋਬਾਈਲ ਫੋਨ ਖੋਹ ਲਏ। ਮੋਬਾਈਲ ਖੋਹਣ ਮਗਰੋਂ ਦੋਵੇਂ ਪਤੀ-ਪਤਨੀ ਨੇ ਝਪਟਮਾਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਬਾਈਕ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਉਹ ਭੱਜਣ ’ਚ ਸਫ਼ਲ ਹੋ ਗਏ, ਜਿਸ ਦੀ ਸ਼ਿਕਾਇਤ ਪੀੜਤ ਜਸਪਾਲ ਸਿੰਘ ਨੇ ਕੰਟਰੋਲ ਰੂਮ ਤੇ ਦਿੱਤੀ। ਜਾਣਕਾਰੀ ਮਿਲਣ ’ਤੇ ਮੌਕੇ ਤੇ ਥਾਣਾ ਕੈਂਟ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਦੀਪ ਚੰਦ ਨੇ ਜਾਂਚ ਮਗਰੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਘਟਨਾ ਸਥਾਨ ਨੇੜਲੇ ਖੇਤਰਾਂ ਦੇ ਸੀਸੀਟੀਵੀ ਕੈਮਰੇ ਦੀ ਫੁੱਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ।



