Punjab

ਸੁਨਿਆਰੇ ਦੀ ਦੁਕਾਨ ਚੋਂ ਸਾਢੇ 3 ਕਿੱਲੋ ਚਾਂਦੀ ਚੋਰੀ

ਲੁਧਿਆਣਾ, 18 ਜੂਨ : ਲੁਧਿਆਣਾ ਗਿਆਸਪੁਰਾ ਦੀ ਇੰਦਰਾ ਕਲੋਨੀ ਵਿੱਚ ਪੈਂਦੀ ਸੋਨੂ ਜਿਊਲਰ ਨਾਮ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ 4 ਵਿਅਕਤੀਆਂ ਨੇ ਤਾਲੇ ਤੋੜ ਕੇ ਦੁਕਾਨ ਦੇ ਅੰਦਰੋਂ ਸਾਢੇ 3 ਕਿੱਲੋ ਚਾਂਦੀ ਚੋਰੀ ਕਰ ਲਈ। ਇਸ ਵਾਰਦਾਤ ਦੀਆਂ ਤਸਵੀਰਾਂ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ। ਜਾਣਕਾਰੀ ਦਿੰਦਿਆਂ ਗਲੀ ਨੰ. 2 ਸ਼ਿਮਲਾਪੁਰੀ ਚਿਮਨੀ ਰੋਡ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਸੂਆ ਰੋਡ ’ਤੇ ਪੈਂਦੀ ਇੰਦਰਾ ਕਾਲੋਨੀ ’ਚ ਸੋਨੂ ਜਿਊਲਰ ਨਾਂ ਦੀ ਦੁਕਾਨ ਚਲਾਉਂਦੇ ਹਨ। ਰਾਜੇਸ਼ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ ਢਾਈ ਵਜੇ ਦੇ ਕਰੀਬ ਉਨ੍ਹਾਂ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਰਾਜੇਸ਼ ਕੁਮਾਰ ਨੇ ਦੇਖਿਆ ਕਿ ਦੁਕਾਨ ਦੇ ਅੰਦਰ ਪਈ ਸਾਢੇ 3 ਕਿਲੋ ਚਾਂਦੀ ਚੋਰੀ ਹੋ ਚੁੱਕੀ ਸੀ। ਰਾਜੇਸ਼ ਕੁਮਾਰ ਨੇ ਜਦ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਸਾਰਾ ਕੁਝ ਸ਼ੀਸ਼ੇ ਵਾਂਗ ਸਾਫ ਹੋ ਗਿਆ। ਤਸਵੀਰਾਂ ’ਚ ਸਾਫ ਤੌਰ ’ਤੇ ਦਿਖਾਈ ਦੇ ਰਿਹਾ ਸੀ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 4 ਵਿਅਕਤੀ ਗਲੀ ’ਚ ਭੱਜ ਰਹੇ ਸਨ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੇ ਏਐੱਸਆਈ ਦੀਪ ਚੰਦ ਮੌਕੇ ’ਤੇ ਪਹੁੰਚੇ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ। ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ’ਚ ਦੁਕਾਨਦਾਰ ਰਾਜੇਸ਼ ਕੁਮਾਰ ਦੀ ਸ਼ਿਕਾਇਤ ’ਤੇ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਪੜਤਾਲ ਦੌਰਾਨ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪੁਰੀਆ ਕਾਲੋਨੀ ਮਿਹਰਬਾਨ ਦੇ ਰਹਿਣ ਵਾਲੇ ਗੋਪੀਨਾਥ, ਪਿੰਡ ਖਵਾਜਕੇ ਦੇ ਵਾਸੀ ਅਭੀ ਤੇ 2 ਸਕੇ ਭਰਾ ਅਮਨ ਤੇ ਸਾਹਿਲ ਵਜੋਂ ਹੋਈ ਹੈ। ਜਾਂਚ ਅਧਿਕਾਰੀ ਦੀਪ ਚੰਦ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬਾਕਸ– ਫਿਲਮ ਦੇਖ ਕੇ ਆ ਰਹੇ ਨੌਜਵਾਨਾਂ ਨੇ ਮੁਲਜ਼ਮਾਂ ਦਾ ਕੀਤਾ ਪਿੱਛਾ ਜਿਸ ਵੇਲੇ ਮੁਲਜ਼ਮਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਸਮੇਂ ਇਲਾਕੇ ਦੇ ਕੁਝ ਨੌਜਵਾਨ ਫਿਲਮ ਦੇਖ ਕੇ ਘਰ ਵਾਪਸ ਆ ਰਹੇ ਸਨ। ਮੁਲਜ਼ਮਾਂ ਦੇ ਮਨਸੂਬੇ ਨੂੰ ਭਾਂਪਦੇ ਹੋਏ ਨੌਜਵਾਨਾਂ ਨੇ ਫਰਾਰ ਹੋ ਰਹੇ ਮੁਲਜ਼ਮਾਂ ਦਾ ਪਿੱਛਾ ਕੀਤਾ ਪਰ ਉਹ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਗਲੀਆਂ ’ਚ ਗੁੰਮ ਹੋ ਗਏ। ਇਸ ਮਾਮਲੇ ’ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button