Punjab

ਅੰਮ੍ਰਿਤਸਰ ‘ਚ ਵੱਧਦੀ ਗਰਮੀ ਨੂੰ ਲੈ ਕੇ ਮੈਡੀਕਲ ਸੁਪਰੀਡੈਂਟ ਨੇ ਚੁੱਕਿਆ ਵੱਡਾ ਕਦਮ, ਕੀਤੇ ਇਹ ਇੰਤਜ਼ਾਮ

ਅੰਮ੍ਰਿਤਸਰ, 11 ਜੂਨ : ਗਰਮੀ ਦੀ ਵੱਧਦੀ ਤਪਸ਼ ਅਤੇ ਲੂੰ ਕਾਰਨ ਜਿੱਥੇ ਕਿ ਲੋਕ ਬੇਹਾਲ ਹੋਏ ਹਨ, ਉੱਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਲਈ ਵੀ ਗਰਮੀ ਤੋਂ ਬਚਾਅ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਗਰਮੀ ਅਤੇ ਲੂੰ ਦਾ ਪ੍ਰਕੋਪ ਹੋਰ ਵਧ ਸਕਦਾ ਹੈ ਅਤੇ ਮਰੀਜ਼ਾਂ, ਗਰਭਵਤੀ ਮਹਿਲਾਵਾਂ ਤੇ ਛੋਟੇ ਬੱਚਿਆਂ ਲਈ ਇਹ ਖ਼ਤਰਨਾਕ ਸਾਬਤ ਸਿੱਧ ਹੁੰਦਾ ਹੈ। ਮੈਡੀਕਲ ਸੁਪਰੀਡੈਂਟ ਨੇ ਦੱਸਿਆ ਕਿ ਹਸਪਤਾਲ ਇਸ ਮੁਸ਼ਕਿਲ ਨੂੰ ਮੱਦੇਨਜ਼ਰ ਰੱਖਦੇ ਹੋਏ ਓਪੀਡੀ ਵਿਚ ਮਰੀਜ਼ਾਂ ਲਈ ਪੱਖਿਆਂ ਅਤੇ ਪਾਣੀ ਵਾਲੇ ਕੂਲਰਾਂ ਨੂੰ ਲੈ ਕੇ ਪੂਰਨ ਤੌਰ ’ਤੇ ਇਹ ਯਕੀਨੀ ਬਣਾ ਰਿਹਾ ਹੈ ਕਿ ਹਰ ਸਮੇਂ ਇਨ੍ਹਾਂ ਦੀ ਉਪਲਬਧਤਾ ਮਰੀਜ਼ਾਂ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਗਾਇਨੀ ਵਾਰਡਾਂ ਦੇ ਵਿਚ ਬਕਾਇਦਾ ਤੌਰ ’ਤੇ ਕੂਲਰ, ਪੱਖੇ ਤੋਂ ਇਲਾਵਾ ਏਅਰ ਕੰਡੀਸ਼ਨਰਾਂ ਦਾ ਸਿਸਟਮ ਵੀ ਲਗਾਤਾਰ ਚੱਲ ਰਿਹਾ। ਡਾਇਗਨੋਸਟਿਕ ਵਿਭਾਗ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਸ ਤੋਂ ਉੱਪਰ ਬਿਲਡਿੰਗ ਵਿਚ ਲੈਬ ਅਤੇ ਤੀਸਰੀ ਮੰਜ਼ਿਲ ਵਿਚ ਗਾਇਨੀ ਵਾਰਡਾਂ ਵਿਚ ਫੁਲੀ ਏਅਰ ਕੰਡੀਸ਼ਨਰਾਂ ਸਿਸਟਮ ਦੀ ਵਰਤੋਂ ਹੋ ਰਹੀ ਹੈ। ਉੱਥੇ ਹੀ ਉਨ੍ਹਾਂ ਨੇ ਆਪਣੇ ਸਮੂਹ ਸਟਾਫ ਡਾਕਟਰਾਂ ਤੋਂ ਇਲਾਵਾ ਰੈਜੀਡੈਂਟ ਡਾਕਟਰਾਂ ਨੂੰ ਵੀ ਲੋੜ ਅਨੁਸਾਰ ਏਸੀ ਦੀ ਵਰਤੋਂ ਕਰਨ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਹੀ ਬਿਜਲੀ ਦੀ ਵਰਤੋਂ ਕਰੋ ਤਾਂ ਜੋ ਸਪਲਾਈ ਨਿਰਵਿਘਨ ਚੱਲ ਸਕੇ। ਉੱਥੇ ਹੀ ਲਗਾਤਾਰ ਪਾਣੀ ਵਾਲੇ ਕੂਲਰਾਂ ਅਤੇ ਮਸ਼ੀਨਾਂ ਨੂੰ ਸਫਾਈ ਕਰਵਾ ਕੇ 24 ਘੰਟੇ ਠੰਡੇ ਪਾਣੀ ਦੀ ਸਹੂਲਤ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਮੈਡੀਕਲ ਸੁਪਰੀਡੈਂਟ ਨੇ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਵੀ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਗਰਮੀ ਦੇ ਸੀਜ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਸਪਤਾਲ ਵਿਚ ਕੂੜਾ, ਕਰਕਟ ਅਤੇ ਗੰਦਗੀ ਨੂੰ ਨਾ ਬਿਖੇਰਨ। ਪਾਣੀ ਦੀ ਲੋੜ ਅਤੇ ਸੰਜਮ ਅਨੁਸਾਰ ਹੀ ਵਰਤੋਂ ਕਰਨ ਅਤੇ ਵਰਤੋਂ ਤੋਂ ਉਪਰੰਤ ਟੂਟੀਆਂ ਨੂੰ ਬੰਦ ਕਰਨਾ ਵੀ ਯਕੀਨੀ ਬਣਾਉਣ, ਜਿਸ ਨਾਲ ਗਰਮੀ ਦੇ ਇਸ ਮੌਸਮ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਮਰੀਜ਼ਾਂ ਦੇ ਵਾਰਸਾਂ ਨੂੰ ਅਪੀਲ ਕਰਦੇ ਹੋਏ ਕਿਹਾ ਕੀ ਉਹ ਘੱਟ ਤੋਂ ਘੱਟ ਤਾਦਾਦ ਦੇ ਵਿਚ ਆਪਣੇ ਦਾਖਲ ਹੋਏ ਮਰੀਜ਼ਾਂ ਨੂੰ ਮਿਲਣ ਆਉਣ ਤਾਂ ਜੋ ਹਸਪਤਾਲ ਵਿਚ ਵੱਧ ਭੀੜ ਇਕੱਠੀ ਨਾ ਹੋ ਸਕੇ ਤਾਂ ਜੋ ਹੁਮਸ ਅਤੇ ਗਰਮੀ ਵਿਚ ਹੋਣ ਵਾਲੀ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਤੋਂ ਬਚਿਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button