
ਪੱਟੀ , 31 ਮਈ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਤਰਨਤਾਰਨ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੀ ਕਾਰਵਾਈ ਕਰਦਿਆਂ ਪੱਟੀ ਸ਼ਹਿਰ ਦੇ ਦੋ ਨਸ਼ਾ ਤਸਕਰ ਭਰਾਵਾਂ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਣਾਏ ਗਏ ਸਾਂਝੇ ਘਰ ’ਤੇ ਬੁਲਡੋਜ਼ਰ ਚਲਾਇਆ ਗਿਆ। ਤਰਨਤਾਰਨ ਜ਼ਿਲ੍ਹੇ ’ਚ ਨਸ਼ਾ ਤਸਕਰ ਦੇ ਘਰ ਢਾਹੁਣ ਦੀ ਇਹ ਦੂਸਰੀ ਕਾਰਵਾਈ ਹੈ ਅਤੇ ਦੋਵੇਂ ਕਾਰਵਾਈਆਂ ਪੱਟੀ ਸ਼ਹਿਰ ’ਚ ਹੀ ਹੋਈਆਂ ਹਨ। ਸ਼ੁੱਕਰਵਾਰ ਨੂੰ ਢਾਹਿਆ ਗਿਆ ਘਰ ਨਸ਼ਾ ਤਸਕਰ ਰਜੀਵ ਕੁਮਾਰ ਉਰਫ ਰਜੀਵ ਤੇ ਸ਼ਾਜਨ ਕੁਮਾਰ ਵਾਸੀ ਵਾਰਡ ਨੰਬਰ 2 ਦਾ ਸਾਂਝਾ ਰਿਹਾਇਸ਼ੀ ਮਕਾਨ ਸੀ। ਇਸ ਆਪ੍ਰੇਸ਼ਨ ਦੀ ਅਗਵਾਈ ਕਰਦਿਆਂ ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਰਾਜੀਵ ਕੁਮਾਰ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ 13 ਮੁਕੱਦਮੇ ਦਰਜ ਹਨ, ਜਿਨ੍ਹਾਂ ’ਚ 9 ਐੱਨਡੀਪੀਐੱਸ ਐਕਟ, 3 ਮੁਕੱਦਮੇ ਅਸਲਾ ਐਕਟ ਤੇ ਇਕ ਮੁਕੱਦਮਾਂ ਆਈਪੀਸੀ ਦੀਆਂ ਧਾਰਾਵਾਂ ਦਾ ਹੈ। ਇਸੇ ਤਰ੍ਹਾਂ ਹੀ ਇਸਦੇ ਭਰਾ ਸ਼ਾਜਨ ਕੁਮਾਰ ਖ਼ਿਲਾਫ਼ ਵੀ 9 ਮੁਕੱਦਮੇ ਵੱਖ-ਵੱਖ ਥਾਣਿਆਂ ’ਚ ਦਰਜ ਹਨ, ਜਿਨ੍ਹਾਂ ’ਚ 4 ਮੁਕੱਦਮੇ ਐੱਨਡੀਪੀਐੱਸ ਐਕਟ, 3 ਮੁਕੱਦਮੇ ਅਸਲਾ ਐਕਟ ਤੇ 2 ਆਈਪੀਸੀ ਦੇ ਹਨ। ਉਨ੍ਹਾਂ ਦੱਸਿਆ ਕਿ ਇਹ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਕਤ ਨਸ਼ਾ ਤਸਕਰ ਭਰਾਵਾਂ ਨੇ ਨਾਜਾਇਜ਼ ਉਸਾਰੀ ਕੀਤੀ ਸੀ, ਜਿਸ ਨੂੰ ਅੱਜ ਬੁਲਡੋਜ਼ਰ ਦੇ ਨਾਲ-ਨਾਲ ਮਜ਼ਦੂਰ ਲਗਾ ਕੇ ਢਾਹ ਦਿੱਤਾ ਗਿਆ ਹੈ। ਇਸ ਮੌਕੇ ਐੱਸਪੀ ਡੀ ਅਜੇਰਾਜ ਸਿੰਘ, ਡੀਐੱਸਪੀ ਪੱਟੀ ਲਵਕੇਸ਼ ਤੋਂ ਇਲਾਵਾ ਵੱਖ ਵੱਖ ਥਾਣਿਆਂ ਦੇ ਮੁਖੀ ਅਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਸੀ।



