Punjab

ਟਰੈਕਟਰ ਦੀਆਂ ਰੇਸਾਂ ਲਗਾਉਣ ਤੋਂ ਹੋਈ ਤਕਰਾਰ ਕਾਰਨ ਮਾਰੀਆਂ ਗੋਲ਼ੀਆਂ

ਘਰਿਆਲਾ, 31 ਮਈ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾਂ ਕਲਾਂ ’ਚ 22 ਸਾਲਾ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰਾਂ ਦੀ ਰੇਸ ਲਗਾਉਣ ਤੋਂ ਹੋਈ ਤਕਰਾਰ ਕਾਰਨ ਉਸ ਨੂੰ ਗੋਲ਼ੀਆਂ ਮਾਰੀਆਂ ਗਈਆਂ। ਜ਼ਖ਼ਮੀ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ 15 ਜਣਿਆਂ ਵਿਰੁੱਧ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਖਬੀਰ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਕੋਟ ਦਾਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਭੂਆ ਕੋਲ ਪਿੰਡ ਚੀਮਾ ਕਲਾਂ ’ਚ ਰਹਿੰਦਾ ਹੈ। ਲੰਘੀ ਰਾਤ ਕਰੀਬ ਸਾਢੇ 9 ਵਜੇ ਉਹ ਤੇ ਉਸ ਦੀ ਭੂਆ ਦਾ ਲੜਕਾ ਫਿਲਮ ਦੇਖਣ ਲਈ ਅੰਮ੍ਰਿਤਸਰ ਜਾਣ ਵਾਸਤੇ ਸੜਕ ’ਤੇ ਖੜ੍ਹੇ ਸੀ। ਇਸੇ ਦੌਰਾਨ ਮਹਿਬਤਬੀਰ ਸਿੰਘ ਪੁੱਤਰ ਜੈਬੀਰ ਸਿੰਘ, ਸਿਮਰਨ ਸਿੰਘ ਪੁੱਤਰ ਸੂਬਾ ਸਿੰਘ, ਗੁਰਸਾਗਰ ਸਿੰਘ ਪੁੱਤਰ ਸਤਨਾਮ ਸਿੰਘ, ਚਰਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਚੀਮਾ ਕਲਾਂ, ਰਵਿੰਦਰ ਸਿੰਘ ਵਾਸੀ ਕਿਲਾ ਪੱਤੀ ਤੋਂ ਇਲਾਵਾ ਦਸ ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਉਸ ਉੱਪਰ ਗੋਲ਼ੀਆਂ ਚਲਾ ਦਿੱਤੀਆਂ। ਇਕ ਗੋਲ਼ੀ ਉਸ ਦੀ ਲੱਤ ਤੇ ਇਕ ਢਿੱਡ ’ਚ ਲੱਗੀ। ਉਸ ਦੇ ਭੂਆ ਦੇ ਮੁੰਡੇ ਨੇ ਰੋਲਾ ਪਾਇਆ ਤਾਂ ਹਮਲਾਵਰ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਕਰੀਬ 19 ਦਿਨ ਪਹਿਲਾਂ ਟਰੈਕਟਰ ਦੀਆਂ ਰੇਸਾਂ ਲਗਾਉਣ ਕਾਰਨ ਉਕਤ ਲੋਕਾਂ ਨਾਲ ਤਕਰਾਰ ਹੋਇਆ ਸੀ ਤੇ ਇਸੇ ਰੰਜਿਸ਼ ਤਹਿਤ ਉਸ ਨੂੰ ਗੋਲ਼ੀਆਂ ਮਾਰੀਆਂ ਗਈਆਂ ਹਨ। ਥਾਣਾ ਸਦਰ ਪੱਟੀ ਦੇ ਜਾਂਚ ਅਧਿਕਾਰੀ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਦੇ ਬਿਆਨਾਂ ’ਤੇ ਉਕਤਾਂ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button