
ਨਾਭਾ, 15 ਫਰਵਰੀ- ਨਾਭਾ ਅੰਦਰ ਠੱਗੀਆਂ, ਚੋਰੀਆਂ ਤੇ ਲੁੱਟਾਂ–ਖੋਹਾਂ ਲਗਾਤਾਰ ਵੱਡੇ ਪੱਧਰ ’ਤੇ ਜਾਰੀ ਹਨ। ਇਸ ਤਹਿਤ ਇੱਥੇ ਸਥਿਤ ਇੱਕ ਪੈਟਰੋਲ ਪੰਪ ਤੋਂ 3500 ਰੁਪਏ ਦਾ ਤੇਲ ਪੁਆ ਕੇ ਕਾਰ ਸਵਾਰ ਰਫੂ ਚੱਕਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਪ ਮੈਨੇਜਰ ਬਲਵਿੰਦਰ ਸਿੰਘ ਨੇ ਦੱਸਿਆ ਨਾਭਾ–ਪਟਿਆਲਾ ਮੁੱਖ ਰੋਡ ’ਤੇ ਸ਼ਾਹੀ ਸਮਾਧਾਂ ਦੇ ਸਾਹਮਣੇ ਗਣਪਤੀ ਫੀਲਿੰਗ ਸਟੇਸ਼ਨ ਪੈਟਰੋਲ ਪੰਪ ’ਤੇ ਰਾਤ ਨੂੰ 9 ਵਜੇ ਦੇ ਕਰੀਬ 3500 ਰੁਪਏ ਦਾ ਤੇਲ ਪੁਆ ਕਾਰ ਸਵਾਰ ਬਿਨਾਂ ਪੈਸੇ ਦਿੱਤੇ ਉੱਥੋਂ ਕਾਰ ਸਮੇਤ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਕਾਰ ਵਿੱਚ ਇੱਕ ਔਰਤ ਵੀ ਸ਼ਾਮਲ ਸੀ। ਉਕਤ ਸਾਰੀ ਘਟਨਾ ਪੰਪ ’ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੈਨੇਜਰ ਨੇ ਦੱਸਿਆ ਕਿ ਕਾਰ ਚਾਲਕ ਨੇ ਪੈਸੇ ਦੇਣ ਲਈ ਸਕੈਨਰ ਦੀ ਵੀ ਮੰਗ ਕੀਤੀ ਸੀ ਪਰ ਕਾਰ ਚਾਲਕ ਬਿਨਾਂ ਪੈਸੇ ਦਿੱਤੇ ਹੀ ਰਫੂ ਚੱਕਰ ਹੋ ਗਿਆ। ਇਸ ਸਬੰਧੀ ਨਾਭਾ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਨਮੋਹਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।



