ਸਰਕਾਰ ਤੇ ਵਿਰੋਧੀ ਧਿਰ ਨੇ ਕੇਂਦਰ ’ਤੇ ਲਾਇਆ ਸੂਬੇ ਦੇ ਹੱਕਾਂ ’ਤੇ ਡਾਕਾ ਮਾਰਨ ਦਾ ਦੋਸ਼
ਇਯਾਲੀ ਨੇ ਅੰਮ੍ਰਿਤਪਾਲ ਦੀ ਰਿਹਾਈ ਦਾ ਚੁੱਕਿਆ ਮੁੱਦਾ

ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਇੱਥੇ ਭਾਈ ਜੈਤਾ ਜੀ ਯਾਦਗਾਰ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੁਕਮਰਾਨ ਅਤੇ ਵਿਰੋਧੀ ਧਿਰ ਨੇ ਇਕਸੁਰ ਵਿਚ ਬਿਨਾਂ ਨਾਂ ਲਏ ਕੇਂਦਰ ਸਰਕਾਰ ’ਤੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦਾ ਦੋਸ਼ ਲਾਉਂਦੇ ਹੋਏ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਫਲਸਫ਼ੇ ਤੇ ਸ਼ਹਾਦਤ ਬਾਰੇ ਪ੍ਰਸਤਾਵ ਪੇਸ਼ ਕੀਤਾ। ਇਸ ਮਤੇ ’ਤੇ ਚਰਚਾ ਕਰਦਿਆਂ ਭਾਜਪਾ ਨੂੰ ਛੱਡ ਕੇ ਸਾਰੇ ਬੁਲਾਰਿਆਂ ਨੇ ਬਗੈਰ ਨਾਂ ਲਏ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਕੇਂਦਰ ਸਰਕਾਰ ਦਾ ਨਾਂ ਲਏ ਬਗੈਰ ਕਿਹਾ ਕਿ ਕੋਈ ਗਲਤ-ਫ਼ਹਿਮੀ ਵਿਚ ਹੋਵੇਗਾ ਕਿ ਪੰਜਾਬ ਆਪਣਾ ਹੱਕ ਛੱਡ ਦੇਵੇਗਾ ਪਰ ਪੰਜਾਬ ਅੱਖ ਬੰਦ ਕਰ ਕੇ ਆਪਣਾ ਹੱਕ ਨਹੀਂ ਛੱਡ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਆਪਣਾ ਹੱਕ ਲੈਣਾ ਜਾਣਦਾ ਹੈ। ਉਨ੍ਹਾਂ ਕਿਹਾ ਕਿ ਪਿਆਰ ਨਾਲ ਜੋ ਮਰਜ਼ੀ ਲੈ ਲਓ ਜੇਕਰ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਮੂੰਹ ਤੋੜ ਜਵਾਬ ਦੇਣ ਲਈ ਖੜ੍ਹਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰਦੇ ਹਨ ਪਰ ਸੀਸ ਕਟਾਉਣਾ, ਸ਼ਹੀਦ ਹੋਣਾ ਵਿਰਲਿਆਂ ਦੇ ਹਿੱਸੇ ਆਉਂਦਾ ਹੈ। ਮੁੱਖ ਮੰਤਰੀ ਕਿਹਾ ਕਿ ਛੋਟੀਆਂ-ਮੋਟੀਆਂ ਆਪਣੀ ਉਲਝਣਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਉਲਝੇ ਹੋਏ ਤਾਣੇ ਨੂੰ ਠੀਕ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬਾਹਰੀ ਹਮਲਾ ਹੁੰਦਾ ਤਾਂ ਪੰਜਾਬ ਇਕੱਠਾ ਹੋ ਜਾਂਦਾ ਹੈ।
ਧਾੜਵੀ ਬਣ ਕੇ ਹਮਲਾ ਕਰ ਰਹੀ ਹਾਕਮ ਧਿਰ : ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਾਂ ਤਿੰਨ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਕੀਤੀ ਗਈ। ਫਿਰ ਪੜ੍ਹਾਈ, ਪਾਣੀ ਅਤੇ ਹੁਣ ਚੰਡੀਗੜ੍ਹ ਖੋਹਣ ਦਾ ਯਤਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਹਾਕਮ ਧਾੜਵੀ ਬਣ ਕੇ ਹਮਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਗੁਰੂ ਸਾਹਿਬਾਨ ਸ਼ਹਾਦਤ ਨਾ ਦਿੰਦੇ ਤਾਂ ਭਾਰਤ ਦੀ ਅਜੋਕੀ ਤਸਵੀਰ ਨਹੀਂ ਹੋਣੀ ਸੀ। ਬਲਕਿ ਧਰਮ, ਭੂਗੋਲਿਕ ਅਤੇ ਸਮਾਜਿਕ ਤੌਰ ’ਤੇ ਖਿੱਤਾ ਹੋਰ ਤਰ੍ਹਾਂ ਦਾ ਹੋਣਾ ਸੀ।
ਅੰਮ੍ਰਿਤਪਾਲ ਦੀ ਰਿਹਾਈ ਹੋਣੀ ਚਾਹੀਦੀ : ਇਆਲੀ



