Punjab

ਪੰਜ ਜ਼ਿਲ੍ਹਿਆਂ ’ਚ ਹੜ੍ਹ ਵਰਗੇ ਹਾਲਾਤ; ਦੋ ਦਿਨ ਭਾਰੀ ਬਾਰਿਸ਼ ਦੇ ਆਸਾਰ, ਯੈਲੋ ਅਲਰਟ ਜਾਰੀ

ਜਲੰਧਰ, 14 ਅਗਸਤ : ਪੌਂਗ ਡੈਮ ਤੋਂ ਲਗਾਤਾਰ ਪਾਣੀ ਬਿਆਸ ਦਰਿਆ ਵਿਚ ਛੱਡਿਆ ਜਾ ਰਿਹਾ ਹੈ। ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਵਧਿਆ ਹੈ। ਪੰਜ ਜ਼ਿਲ੍ਹੇ ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਮੌਸਮ ਵਿਭਾਗ ਮੁਤਾਬਕ ਦੋ ਦਿਨ 14 ਤੇ 15 ਅਗਸਤ ਨੂੰ ਸੂਬੇ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਪੂਰਥਲਾ ਵਿਚ ਪਿੰਡ ਭੈਣੀ ਕਾਦਰ ਪਿੰਡ ਵਿਚ ਅਸਥਾਈ ਬੰਨ੍ਹ ਟੁੱਟਣ ਕਾਰਨ 16 ਪਿੰਡ ਬਿਆਸ ਦੇ ਪਾਣੀ ਨਾਲ ਘਿਰ ਗਏ ਹਨ। ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਡੀਸੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਦਰਿਆ ਵਿਚ 1.10 ਲੱਖ ਕਿਊਸਕ ਪਾਣੀ ਵਹਿ ਰਿਹਾ ਹੈ। ਸੁਲਤਾਨਪੁਰ ਲੋਧੀ ਤੇ ਢਿੱਲਵਾਂ ਖੇਤਰ ਵਿਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਪਾਣੀ ਦੇ ਪੱਧਰ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਸ਼੍ਰੀਹਰਗੋਬਿੰਦਪੁਰ ਸਾਹਿਬ ਦੇ ਤਿੰਨ ਪਿੰਡ ਫੱਤਾ, ਗੰਧੂਵਾਲ ਤੇ ਤਲਵਾੜਾ ਪਾਣੀ ਨਾਲ ਘਿਰ ਗਏ ਹਨ। 200 ਏਕੜ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਹੜ੍ਹ ਦੇ ਖ਼ਤਰੇ ਕਾਰਨ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ਵੱਲ ਜਾਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਬਿਆਸ ਦਾ ਪਾਣੀ ਵੜ ਗਿਆ ਹੈ ਅਤੇ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ। ਉੱਧਰ, ਹਰੀਕੇ ਹੈੱਡ ਤੋਂ ਛੱਡੇ ਗਏ ਪਾਣੀ ਕਾਰਨ ਸਤਲੁਜ ਦਾ ਪਾਣੀ ਦਾ ਪੱਧਰ ਵਧਣ ਨਾਲ ਜੀਰਾ ਹਲਕੇ ਦੇ ਛੇ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਇਸ ਵਿਚਾਲੇ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਪਾਣੀ ਦਾ ਪੱਧਰ 1650.08 ਫੁੱਟ ਤੱਕ ਪਹੁੰਚ ਗਿਆ ਹੈ, ਜਿਹੜਾ ਕਿ ਖ਼ਤਰੇ ਦੇ ਨਿਸ਼ਾਨ ਤੋਂ 34 ਫੁੱਟ ਹੇਠਾਂ ਹੈ। ਬੀਬੀਐੱਮਬੀ ਮੁਤਾਬਕ, 24 ਘੰਟੇ ਵਿਚ ਡੈਮ ਤੋਂ 26,000 ਕਿਊਸਕ ਪਾਣੀ ਛੱਡਿਆ ਗਿਆ ਹੈ। ਜੇਕਰ ਭਾਰੀ ਬਾਰਿਸ਼ ਹੋਈ ਤਾਂ ਸਤਲੁਜ ਦੇ ਆਲੇ-ਦੁਆਲੇ ਦੇ ਖੇਤਰ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button