
ਫ਼ਿਰੋਜ਼ਪੁਰ, 7 ਮਾਰਚ (ਜਸਵਿੰਦਰ ਸਿੰਘ ਸੰਧੂ)– ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ, ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੀ ਰਹਿਨੁਮਾਈ ਤੇ ਕਾਲਜ ਦੇ ਪਿ੍ਰੰਸੀਪਲ ਡਾ. ਸੰਗੀਤਾ ਦੀਆਂ ਅਣਥੱਕ ਘਾਲਣਾਵਾਂ ਸਦਕਾ ਨਿਰੰਤਰ ਤਰੱਕੀ ਦੇ ਰਾਹ ਤੇ ਅਗਰਸਰ ਹੈ। ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋ ਮਾਨਤਾ ਪ੍ਰਾਪਤ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ ਜੋ ਕਿ ਆਪਣੀਆਂ ਅਕਾਦਮਿਕ ਤੇ ਸਮਾਜਿਕ ਗਤੀਵਿਧੀਆਂ ਨਾਲ ਨਵੇਂ ਪ੍ਰਤੀਮਾਨ ਸਥਾਪਿਤ ਕਰ ਰਿਹਾ ਹੈ। ਕਾਲਜ ਵਿੱਚ ਚੱਲ ਰਹੀਆਂ ਸੈਮੀਨਾਰ, ਸਮਾਗਮਾਂ ਦੀ ਲੜੀ ਤਹਿਤ ਹਸਪਤਾਲ ਪ੍ਰਸਾਸ਼ਨ ਅਤੇ ਪ੍ਰਬੰਧਨ ਵਿਭਾਗ ਨੇ ਰੈਡ ਰਿਬਨ ਕਲੱਬ, ਐੱਨਸੀਸੀ ਵਿੰਗ ਤੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਨਾਲ ਮਿਲ ਕੇ ਪਰਸਨਲ ਹਾਈਜੀਨ ਵਿਸ਼ੇ ਤੇ ਆਨਲਾਇਨ ਗੈਸਟ ਲੈਕਚਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਵਿੱਚ ਗੈਸਟ ਲੈਕਚਰ ਵਿੱਚ ਮੁੱਖ ਵਕਤਾਂ ਦੇ ਤੌਰ ’ਤੇ ਡਾ. ਸੋਮਾਸ਼੍ਰੀ ਸਨਿਆਲ, ਸਹਾਇਕ ਪ੍ਰੋਫੈਸਰ ਆਰਮੀ ਕਾਲਜ ਆਫ ਮੈਡੀਕਲ ਸਾਇੰਸ ਦਿੱਲੀ ਨੇ ਸ਼ਿਰਕਤ ਕੀਤੀ । ਡਾ. ਸਾਨੀਆ ਗਿੱਲ, ਮੁਖੀ, ਹਸਪਤਾਲ ਪ੍ਰਸਾਸ਼ਨ ਅਤੇ ਪ੍ਰਬੰਧਨ, ਇੰਚਾਰਜ਼ ਰੈੱਡ ਰਿਬਨ ਕਲੱਬ ਅਤੇ ਡਾ. ਪਰਮਵੀਰ ਕੌਰ, ਮੁਖੀ, ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਵੱਲੋਂ ਮੁੱਖ ਵਕਤਾਂ ਸੋਮਾ ਸਨਿਆਲ ਦਾ ਰਸਮੀ ਤੌਰ ਤੇ ਨਿੱਘਾ ਸਵਾਗਤ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਸਰੀਰਿਕ ਤੰਦਰੁਸਤੀ ਲਈ ਅਹਿਮ ਉਪਰਾਲੇ ਕਰਨੇ ਚਾਹੀਦੇ ਹਨ। ਇਸੇ ਕਰਕੇ ਅਸੀ ਅੱਜ ਪਰਸਨਲ ਹਾਈਜੀਨ ਵਿਸ਼ੇ ’ਤੇ ਲੈਕਚਰ ਕਰ ਰਹੇ ਹਾਂ ।ਡਾ. ਸੋਮਾ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆ ਕਿਹਾ ਕਿ ਸਾਨੂੰ ਸਭ ਤੋਂ ਪਹਿਲਾ ਪਰਸਨਲ ਹਾਈਜੀਨ ਤੋਂ ਜਾਣੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਈਜੀਨ ਸ਼ਬਦ ਦਾ ਕਦੀਮੀ ਅਰਥ ਸਾਫ-ਸਫਾਈ ਨਾਲ ਸਬੰਧਤ ਹੈ। ਬੀਮਾਰੀਆਂ ਜਿਆਦਾਤਰ ਖਾਣ-ਪੀਣ ਦੀਆਂ ਵਸਤਾਂ ਨਾਲ ਫੈਲਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੋਹਣੇ ਦਿਖਾਈ ਦਿੰਦੇ ਹਾਂ ਤਾਂ ਸਭ ਦੇ ਮਨ ਨੂੰ ਭਾਉਂਦੇ ਹਾਂ। ਮਨ ਦੀ ਸੁੱਚਮਤਾ ਦੇ ਨਾਲ-ਨਾਲ ਤਨ ਦੀ ਸੰਭਾਲ ਵੀ ਜਰੂਰੀ ਹੈ। ਸਾਨੂੰ ਆਪਣੇ ਵਾਲਾਂ ਦੀ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਚਮੜੀ ਸਾਡੇ ਸਰੀਰ ਦਾ ਮੁੱਖ ਭਾਗ ਹੁੰਦਾ ਹੈ ਜੋ ਸਾਡੇ ਸਰੀਰ ਦੀ ਅੰਦਰੂਨੀ ਅੰਗਾਂ ਤੇ ਪਰਤ ਦਾ ਕੰਮ ਕਰਦੀ ਹੈ। ਚਮੜੀ ਦੀ ਸਫਾਈ ਰੱਖਣ ਨਾਲ ਇਸ ਨਾਲ ਸੰਬੰਧਿਤ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਧੁੱਪ ਵਿੱਚ ਬੈਠਣ ਨਾਲ ਵਿਟਾਮਿਨ ਡੀ ਦੀ ਕਮੀ ਪੂਰੀ ਹੁੰਦੀ ਹੈ। ਚਮੜੀ ਨਾਲ ਸਬੰਧਤ ਬੀਮਾਰੀਆਂ ਤੋਂ ਬਚਾਅ ਲਈ ਉਨ੍ਹਾਂ ਕੁਝ ਨੁਕਤੇ ਵੀ ਸਾਂਝੇ ਕੀਤੇ । ਦੰਦਾਂ ਦੀ ਸਫਾਈ ਬਾਰੇ ਦੱਸਦਿਆ ਕਿਹਾ ਕਿ ਸਾਨੂੰ ਰੋਜਾਨਾ ਬੁਰਸ਼ ਕਰਨਾ ਚਾਹੀਦਾ ਹੈ ਅਤੇ ਸਾਲ ਵਿੱਚ ਚਾਰ-ਵਾਰ ਬੁਰਸ਼ ਬਦਲਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮੂੰਹ ਵਿੱਚ ਬਦਬੂ ਵੀ ਨਹੀਂ ਆਉਂਦੀ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਫ ਕੱਪੜੇ ਨਾਲ ਕੰਨ ਸਾਫ ਕਰਨੇ ਚਾਹੀਦੇ ਹਨ, ਕਦੇ ਵੀ ਇਨ੍ਹਾਂ ਵਿੱਚ ਤੀਲੇ ਨਹੀਂ ਮਾਰਨੇ ਚਾਹੀਦੇ । ਉਨ੍ਹਾਂ ਕਿਹਾ ਕਿ ਹੱਥਾਂ ਦੀ ਸਫਾਈ ਬੜੀ ਜਰੂਰੀ ਹੈ। ਸਾਨੂੰ ਹੱਥ ਹਮੇਸ਼ਾ ਸਾਬਣ ਨਾਲ ਧੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਹੁੰ ਵੀ ਜਿਆਦਾ ਲੰਮੇ ਨਹੀ ਰੱਖਣੇ ਚਾਹੀਦੇ। ਇਨ੍ਹਾਂ ਵਿੱਚ ਗੰਦਗੀ ਫਸਣ ਦੇ ਵਧੇਰੇ ਕਾਰਨ ਹੁੰਦੇ ਹਨ। ਉਨ੍ਹਾਂ ਕਿ ਕਿ ਸਾਨੂੰ ਪੈਰਾਂ ਨੂੰ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ। ਕਦੇ ਵੀ ਗਿੱਲੇ ਪੈਰਾਂ ਵਿੱਚ ਜਰਾਬਾਂ ਨਹੀਂ ਪਾਉਣੀਆਂ ਚਾਹੀਦੀਆ । ਉਨ੍ਹਾਂ ਵਿਦਿਆਰਥਣਾਂ ਨੂੰ ਸੰਬੰਧਨ ਹੁੰਦਿਆ ਕਿਹਾ ਕਿ ਮਹਾਂਵਾਰੀ ਦੇ ਦਿਨਾਂ ਵਿੱਚ ਸਰੀਰਿਕ ਤੰਦਰੁਸਤੀ ਲਈ ਸਫਾਈ ਰੱਖਣੀ ਅਤਿ ਜਰੂਰੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਾਨੂੰ ਕਈ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਖੀਰ ਵਿਦਿਆਰਥਣਾਂ ਵੱਲੋਂ ਸਰੀਰਿਕ ਸਾਫ-ਸਫਾਈ ਸੰਬੰਧੀ ਕੁਝ ਸਵਾਲ ਵਕਤਾ ਕੋਲ ਪੁੱਛੇ ਜਿਨ੍ਹਾਂ ਦੇ ਉਤਰ ਭਾਸ਼ਣ ਕਰਤਾ ਨੇ ਬੜੀ ਹਲੀਮੀ ਤੇ ਸਹਿਜ ਨਾਲ ਦਿੱਤਾ । ਇਸ ਸੈਮੀਨਾਰ ਦੇ ਮੰਚ ਦਾ ਸੰਚਾਲਨ ਡਾ. ਸਾੰਨੀਆ ਗਿੱਲ ਅਤੇ ਡਾ. ਪਰਮਵੀਰ ਕੌਰ ਨੇ ਕੀਤਾ । ਇਸ ਸੈਮੀਨਾ ਰ ਵਿੱਚ ਕਾਲਜ ਦੀਆੰ ਵਿਦਿਆਰਥਣਾਂ ਤੇ ਸੰਬੰਧਿਤ ਵਿਭਾਗਾਂ ਦੇ ਸਮੂਹ ਸਟਾਫ ਨੇ ਹਾਜ਼ਰੀ ਭਰੀ । ਇਸ ਸੈਮੀਨਾਰ ਦੀ ਸਫਲਤਾਪੂਰਵਕ ਸਪੰਨਤਾ ਤੇ ਡਾ. ਸੰਗੀਤਾ ਨੇ ਸਬੰਧਤ ਅਧਿਆਪਕਾਂ ਨੂੰ ਵਧਾਈ ਦਿੱਤੀ । ਕਾਲਜ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।



