
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 7 ਜੂਨ : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਸਬੰਧੀ ਤਰੀਕ ਤੈਅ ਕਰ ਦਿੱਤੀ ਹੈ। ਹੁਣ ਮੁਲਾਜ਼ਮਾਂ, ਅਧਿਕਾਰੀਆਂ ਦੀਆਂ ਬਦਲੀਆਂ ਇਕ ਅਗਸਤ ਤੱਕ ਹੋ ਸਕਣਗੀਆਂ। ਪ੍ਰੋਸੋਨਲ ਵਿਭਾਗ (ਪਾਲਸੀ-2 ਸ਼ਾਖਾ) ਨੇ ਸੂਬੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਵੀਜ਼ਨਾਂ ਦੇ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਉਪ ਮੰਡਲ ਅਫ਼ਸਰਾਂ, ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਪ੍ਰਬੰਧਕੀ ਨਿਰਦੇਸ਼ਕਾਂ ਨੂੰ ਭੇਜੇ ਪੱਤਰ ’ਚ ਸਪਸ਼ਟ ਕੀਤਾ ਹੈ ਕਿ ਸੂਬੇ ਦੇ ਮੁਲਾਜ਼ਮਾਂ, ਅਧਿਕਾਰੀਆਂ ਦੀਆਂ ਆਮ ਬਦਲੀਆਂ ਦੀ ਤਾਰੀਖ਼ 23 ਜੂਨ ਤੋਂ 1 ਅਗਸਤ 2025 ਤੱਕ ਨਿਸ਼ਚਿਤ ਕੀਤੀ ਗਈ ਹੈ। 1 ਅਗਸਤ ਤੋਂ ਬਾਅਦ ਆਮ ਬਦਲੀਆਂ ’ਤੇ ਮੁਕੰਮਲ ਰੋਕ ਰਹੇਗੀ। ਇਸ ਤੋਂ ਬਾਅਦ ਬਦਲੀ ਤੇ ਤੈਨਾਤੀ ਪ੍ਰੋਸੋਨਲ ਵਿਭਾਗ ਦੀ ਟਰਾਂਸਫਰ ਪਾਲਸੀ 23 ਅਗਸਤ 2018 ਦੇ ਉਪਬੰਧਾਂ ਅਨੁਸਾਰ ਹੀ ਹੋਵੇਗੀ। ਇੱਥੇ ਦੱਸਿਆ ਜਾਂਦਾ ਹੈ ਕਿ ਪਹਿਲਾਂ ਵਿਭਾਗ ਨੇ ਆਮ ਬਦਲੀਆਂ ਲਈ 15 ਜੁਲਾਈ ਤੋਂ 15 ਅਗਸਤ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਸੀ। ਪੱਤਰ ਜਾਰੀ ਹੋਣ ਉਪਰੰਤ ਮੁਲਾਜ਼ਮਾਂ ’ਚ ਬਦਲੀ ਕਰਵਾਉਣ ਨੂੰ ਲੈ ਕੇ ਦੌੜ ਭੱਜ ਸ਼ੁਰੂ ਹੋ ਗਈ ਹੈ। ਖਾਸਕਰਕੇ ਜਿਲ੍ਹਾ ਪੱਧਰ ਅਤੇ ਮਹੱਤਵਪੂਰਨ ਪੋਸਟਾਂ ਅਤੇ ਆਪਣੀ ਰਿਹਾਇਸ਼ ਦੇ ਨੇੜ੍ਹੇ ਬਦਲੀ ਕਰਵਾਉਣ ਲਈ ਮੁਲਾਜ਼ਮਾਂ ਵਿਚ ਬਦਲੀ ਕਰਵਾਉਣ ਦੀ ਹੋੜ ਲੱਗੀ ਰਹਿੰਦੀ ਹੈ। ਦਿਲਚਸਪ ਗੱਲ ਹੈ ਕਿ ਜ਼ਿਆਦਾਤਰ ਮੁਲਾਜ਼ਮ ਬਦਲੀ ਕਰਵਾਉਣ ਦਾ ਕਾਰਨ ਬਜ਼ੁਰਗ ਮਾਪਿਆਂ ਦੇ ਬਿਮਾਰ ਹੋਣ ਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਹਵਾਲਾ ਦਿੰਦੇ ਹਨ।



