Punjab

ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ‘ਚ ਬਾਈਕ ਸਵਾਰ ਦੀ ਮੌਤ; ਪਤਨੀ ਤੇ ਭਤੀਜਾ ਬੁਰੀ ਤਰ੍ਹਾਂ ਜ਼ਖਮੀ

ਬਾਲ ਕਿਸ਼ਨ
ਫ਼ਿਰੋਜ਼ਪੁਰ, 21 ਜੁਲਾਈ : ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਫਾਜ਼ਿਲਕਾ ਰੋਡ ‘ਤੇ ਕਿਲ੍ਹਾ ਚੌਕ ਨੇੜੇ ਐਤਵਾਰ ਦੁਪਹਿਰ 12 ਵਜੇ ਦੇ ਕਰੀਬ ਪੰਜਾਬ ਰੋਡਵੇਜ਼ ਦੀ ਬੱਸ ਅਤੇ ਇੱਕ ਬਾਈਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਬਾਈਕ ਸਵਾਰ ਅਸ਼ੋਕ ਕੁਮਾਰ ਧਵਨ ਪੁੱਤਰ ਬਲਦੇਵ ਰਾਜ ਵਾਸੀ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਅਸ਼ੋਕ ਦੀ ਪਤਨੀ ਸੁਦੇਸ਼ ਰਾਣੀ ਅਤੇ ਉਸਦੇ ਭਤੀਜੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੋਨੂੰ ਮੱਗੋ ਨੇ ਦੱਸਿਆ ਕਿ ਉਸਦੀ ਭੈਣ ਸੁਦੇਸ਼ ਰਾਣੀ ਦਾ ਵਿਆਹ ਮਮਦੋਟ ਵਿੱਚ ਹੋਇਆ ਹੈ। ਭਣੋਈਆ ਅਸ਼ੋਕ ਕੁਮਾਰ ਆਪਣੀ ਪਤਨੀ ਸੁਦੇਸ਼ ਰਾਣੀ ਅਤੇ ਭਤੀਜੇ ਨਾਲ ਮੋਟਰਸਾਈਕਲ ‘ਤੇ ਆਪਣੇ ਪੁੱਤਰ ਨੂੰ ਮਿਲਣ ਲਈ ਮੈਰੀਟੋਰੀਅਸ ਸਕੂਲ ਘਲਖੁਰਦ ਗਿਆ ਸੀ। ਉੱਥੋਂ ਵਾਪਸ ਆਉਂਦੇ ਸਮੇਂ, ਜਦੋਂ ਉਹ ਕਿਲ੍ਹਾ ਚੌਕ ਦੇ ਨੇੜੇ ਪਹੁੰਚੇ, ਤਾਂ ਜਲਾਲਾਬਾਦ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਬੱਸ ਨੇ ਗਲਤ ਸਾਈਡ ਤੋਂ ਆ ਕੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਅਸ਼ੋਕ ਕੁਮਾਰ ਧਵਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਸੁਦੇਸ਼ ਰਾਣੀ ਅਤੇ ਉਸਦਾ ਭਤੀਜਾ ਗੰਭੀਰ ਜ਼ਖਮੀ ਹੋ ਗਏ।ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਫਿਰੋਜ਼ਪੁਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਸੋਨੂੰ ਮੱਗੋ ਨੇ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਪੰਜਾਬ ਰੋਡਵੇਜ਼ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਭੱਜ ਗਏ। ਸਦਰ ਥਾਣੇ ਦੇ ਏਐਸਆਈ ਜਗਤਾਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button