ਪੰਜਾਬ ਦਾ CM ਬਣਨ ਦੀ ਕੋਸ਼ਿਸ਼ ਕਰਨਗੇ ਕੇਜਰੀਵਾਲ, 35 ਵਿਧਾਇਕ ਅਸਤੀਫ਼ਾ ਦੇਣ ਲਈ ਤਿਆਰ; ਦਿੱਲੀ ਨਤੀਜਿਆਂ ਦੌਰਾਨ ਕਾਂਗਰਸ ਦਾ ਦਾਅਵਾ

ਡਾ. ਰਮਨਦੀਪ ਕੌਰ
ਚੰਡੀਗੜ੍ਹ, 9 ਫਰਵਰੀ- ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਦਾ ਅਸਰ ਪੰਜਾਬ ’ਤੇ ਪੈਣ ਅਤੇ ਪੰਜਾਬ ਦੇ ਸਿਆਸੀ ਸਮੀਕਰਨ ਬਦਲਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕਰੇਗਾ ਅਤੇ ਉਹ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਲੜ ਸਕਦੇ ਹਨ। ਬਾਜਵਾ ਨੇ ਕਿਹਾ ਕਿ ਦਿੱਲੀ ਵਿਚ ਕਰਾਰੀ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਆਉਣਗੇ। ਉਹਨਾਂ ਆਪ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਕੁਝ ਦਿਨ ਪਹਿਲਾਂ ਦਿੱਤੇ ਬਿਆਨ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਵੀ ਹੋ ਸਕਦਾ ਹੈ, ਦੇ ਹਵਾਲੇ ਨਾਲ ਕਿਹਾ ਕਿ ਇਹ ਇਸ ਗੱਲ ਦਾ ਮਹੱਤਵਪੂਰਨ ਸੰਕੇਤ ਹੈ ਕਿ ‘ਆਪ’ ਲੀਡਰਸ਼ਿਪ ਪੰਜਾਬ ਵਿਚ ਕੇਜਰੀਵਾਲ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਣ ਲਈ ਕਿਵੇਂ ਰਾਹ ਤਿਆਰ ਕਰ ਰਹੀ ਹੈ। ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦਿੱਲੀ ਵਿਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਬਿਖ਼ਰ ਜਾਵੇਗੀ। ਪੰਜਾਬ ਨੂੰ ਮੱਧਕਾਲੀ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 35 ਵਿਧਾਇਕ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿਚ ਵੀ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਵੇਗਾ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪ ਦੀ ਹਾਰ ਨੂੰ ਪਾਰਟੀ ਅਤੇ ਇਸ ਦੇ ਰਾਸ਼ਟਰੀ ਕਨਵੀਨਰ ਲਈ ਸ਼ਰਮਨਾਕ ਦੱਸਿਆ ਹੈ। ਖਹਿਰਾ ਨੇ ਕਿਹਾ ਕਿ ਇਹ ਨਕਲੀ ਇਨਕਲਾਬੀਆਂ ਵੱਲੋਂ ਅਪਣਾਈ ਗਈ ਧੋਖੇ ਅਤੇ ਝੂਠ ਦੀ ਰਾਜਨੀਤੀ ਦੀ ਹਾਰ ਹੈ, ਜੋ ਆਪਣੇ ਹਰ ਵਾਅਦੇ ਤੋਂ ਮੁੱਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਤੀਜੇ ਭਗਵੰਤ ਮਾਨ ਨੂੰ ਪੰਜਾਬ ਵਿਚ ਝੂਠ ਅਤੇ ਬਦਲੇ ਦੀ ਰਾਜਨੀਤੀ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿੰਦੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਹੁਣ ਉਨ੍ਹਾਂ ਵੋਟਰਾਂ ਨਾਲ ਦੁਬਾਰਾ ਜੁੜਨ ਤੇ ਸੰਪਰਕ ਕਰਨ ਦਾ ਸਮਾਂ ਆ ਗਿਆ ਹੈ, ਜੋ ਕਿਸੇ ਕਾਰਨ ‘ਆਪ’ ਵਿਚ ਚਲੇ ਗਏ ਸਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਨੂੰ ਖ਼ਤਮ ਕਰਨ ਅਤੇ ਪਾਰਟੀ ਅੰਦਰ ਏਕਤਾ ਨੂੰ ਉਤਸ਼ਾਹਿਤ ਕਰਨ ਨਾਲ ਹੀ ਇਹ ਸੰਭਵ ਹੋ ਸਕੇਗਾ।ਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਪੰਜਾਬ ਵਿਚ ‘ਆਪ’ ਦੇ ਸ਼ਾਸਨ ਦੀਆਂ ਖਾਮੀਆਂ ਨੂੰ ਉਜਾਗਰ ਕਰਨ ਲਈ ਵਿਸ਼ਾਲ ਮੁਹਿੰਮ ਸ਼ੁਰੂ ਕਰੇਗੀ। ਆਪ ਦੇ ਅਧੂਰੇ ਵਾਅਦੇ, ਕਾਨੂੰਨ ਵਿਵਸਥਾ, ਆਰਥਿਕ ਚੁਣੌਤੀਆਂ ਵਰਗੇ ਮੁੱਦਿਆਂ ‘ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।



