
ਜ਼ੀਰਕਪੁਰ, 9 ਫਰਵਰੀ- ਢਕੌਲੀ-ਮੁਬਾਰਕਪੁਰ ਰੋਡ ਤੇ ਭਗਤ ਸਿੰਘ ਚੌਕ ਨੇੜੇ ਸ਼ਨੀਵਾਰ ਸਵੇਰੇ ਇਕ ਐਕਟਿਵਾ ਨੂੰ ਅਚਾਨਕ ਅੱਗ ਲੱਗ ਗਈ। ਐਕਟਿਵਾ ਇਕ ਔਰਤ ਚਲਾ ਰਹੀ ਸੀ, ਜੋ ਵਾਲ-ਵਾਲ ਬਚ ਗਈ। ਖੁਸ਼ਕਿਸਮਤੀ ਨਾਲ ਇਸ ਸਮੇਂ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਹੋਇਆ। ਐਕਟਿਵਾ ਨੂੰ ਅੱਗ ਲੱਗਣ ਤੋਂ ਬਾਅਦ, ਨੇੜਲੇ ਦੁਕਾਨਦਾਰਾਂ ਅਤੇ ਲੋਕਾਂ ਨੇ ਅੱਗ ਬੁਝਾਈ। ਪਰ ਉਦੋਂ ਤੱਕ ਐਕਟਿਵਾ ਦਾ ਕੁੱਝ ਹਿੱਸਾ ਸੜ ਚੁੱਕਾ ਸੀ। ਐਕਟਿਵਾ ਚਲਾ ਰਹੀ ਔਰਤ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਘਰੋਂ ਨਿਕਲੀ ਸੀ ਅਤੇ ਜਦੋਂ ਉਹ ਢਕੌਲੀ ਖੇਤਰ ਦੇ ਭਗਤ ਸਿੰਘ ਚੌਕ ਦੇ ਨੇੜੇ ਸੀ ਤਾਂ ਉਸ ਦੀ ਐਕਟਿਵਾ ਅਚਾਨਕ ਬੰਦ ਹੋ ਗਈ। ਜਦੋਂ ਮੈਂ ਐਕਟਿਵਾ ਸਟਾਰਟ ਕਰਨੀ ਸ਼ੁਰੂ ਕੀਤੀ ਤਾਂ ਇੱਕ ਰਾਹਗੀਰ ਨੇ ਮੈਨੂੰ ਦੱਸਿਆ ਕਿ ਇਸ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਜਿਵੇਂ ਹੀ ਉਹ ਐਕਟਿਵਾ ਤੋਂ ਹੇਠਾਂ ਉੱਤਰੀ, ਤਾਂ ਐਕਟਿਵਾ ਨੂੰ ਅੱਗ ਲੱਗ ਗਈ ਅਤੇ ਇੱਕ ਛੋਟਾ ਜਿਹਾ ਧਮਾਕਾ ਹੋਇਆ। ਜਿਸ ਤੋਂ ਬਾਅਦ ਨੇੜਲੇ ਦੁਕਾਨਦਾਰਾਂ ਨੇ ਬਾਲਟੀਆਂ ਵਿੱਚ ਪਾਣੀ ਭਰ ਕੇ ਐਕਟਿਵਾ ਤੇ ਸੁੱਟਣਾ ਸ਼ੁਰੂ ਕਰ ਦਿੱਤਾ। ਲਗਭਗ 10 ਮਿੰਟਾਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ।



