Punjab

ਪੰਜਾਬੀ ਗਾਇਕ ਹਰਭਜਨ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ, 3 ਜਨਵਰੀ : ਜਾਣੇ-ਪਛਾਣੇ ਪੰਜਾਬੀ ਗਾਇਕ, ਅਦਾਕਾਰ ਤੇ ਫਿਲਮ ਨਿਰਮਾਤਾ ਹਰਭਜਨ ਮਾਨ ਬੀਤੀ ਦੇਰ ਰਾਤ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਪਹੁੰਚੇ। ਉਨ੍ਹਾਂ ਗੁਰੂ ਘਰ ‘ਚ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਕੇ ਗੁਰੂ ਸਾਹਿਬ ਦੇ ਚਰਨਾਂ ‘ਚ ਸੀਸ ਨਿਵਾਇਆ ਤੇ ਦੇਸ਼-ਦੁਨੀਆ ‘ਚ ਸੁਖ-ਸ਼ਾਂਤੀ, ਅਮਨ ਅਤੇ ਭਾਈਚਾਰੇ ਦੀ ਕਾਮਨਾ ਕੀਤੀ। ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਤੋਂ ਬਾਅਦ ਹਰਭਜਨ ਮਾਨ ਨੇ ਪੂਰੀ ਸ਼ਰਧਾ ਨਾਲ ਪਰਿਕਰਮਾ ਕੀਤੀ। ਇਸ ਉਪਰੰਤ ਉਨ੍ਹਾਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਇਕਾਗਰ ਚਿੱਤ ਹੋ ਕੇ ਸੁਣਿਆ ਤੇ ਕੁਝ ਸਮਾਂ ਆਤਮਿਕ ਸ਼ਾਂਤੀ ਵਿੱਚ ਬਿਤਾਇਆ। ਇਸ ਦੌਰਾਨ ਉਨ੍ਹਾਂ ਦਾ ਵਿਵਹਾਰ ਬੇਹੱਦ ਸਾਦਗੀ ਭਰਿਆ ਰਿਹਾ। ਹਰਭਜਨ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਦੌਰਾ ਹੈ ਅਤੇ ਉਹ ਨਵੇਂ ਸਾਲ ਤੋਂ ਬਾਅਦ ਗੁਰੂ ਘਰ ਨਤਮਸਤਕ ਹੋਣਾ ਚਾਹੁੰਦੇ ਸਨ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਇਸ ਫੇਰੀ ਦੀ ਯੋਜਨਾ ਬਣਾਈ। ਉਨ੍ਹਾਂ ਕਿਹਾ ਕਿ ਉਹ ਇਸ ਨਵੇਂ ਸਾਲ ਵਿੱਚ ਵਿਸ਼ਵ ਸ਼ਾਂਤੀ ਲਈ ਅਰਦਾਸ ਕਰਦੇ ਹਨ ਤਾਂ ਜੋ ਸਾਰੇ ਦੇਸ਼ ਸੁਖ-ਸ਼ਾਂਤੀ ਨਾਲ ਰਹਿਣ ਅਤੇ ਆਪਸੀ ਵੈਰ-ਵਿਰੋਧ ਖਤਮ ਹੋਵੇ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਦਿਖਾਵਾ ਕੀਤੇ ਬਿਨਾਂ ਆਮ ਸੰਗਤ ਵਾਂਗ ਗੁਰੂ ਘਰ ਵਿੱਚ ਹਾਜ਼ਰੀ ਲਗਵਾਈ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਹਰਭਜਨ ਮਾਨ ਗੁਰੂ ਘਰ ਅੱਗੇ ਸੀਸ ਝੁਕਾਉਂਦੇ ਨਜ਼ਰ ਆ ਰਹੇ ਹਨ।

Related Articles

Leave a Reply

Your email address will not be published. Required fields are marked *

Back to top button