
ਅੰਮ੍ਰਿਤਸਰ, 3 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਦੀ ਗਿਣਤੀ ਵਧਾਉਣ ਦੀ ਗੱਲ ਕਹੇ ਜਾਣ ‘ਤੇ ਅੰਮ੍ਰਿਤਸਰ ‘ਚ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਦੇ ਇਸ ਰੁਖ਼ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਿਰਫ਼ ਮੋਹਾਲੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅੱਗੇ ਵਧਾਉਣ ਦੀ ਸੋਚ ਇਕਪਾਸੜ ਹੈ। ਇਸ ਨਾਲ ਅੰਮ੍ਰਿਤਸਰ ਵਰਗੇ ਇਤਿਹਾਸਕ ਤੇ ਵਿਸ਼ਵਵਿਆਪੀ ਪਛਾਣ ਵਾਲੇ ਸ਼ਹਿਰ ਨਾਲ ਗੰਭੀਰ ਬੇਇਨਸਾਫ਼ੀ ਹੋ ਰਹੀ ਹੈ। ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਕੋਈ ਨਵਾਂ ਜਾਂ ਉੱਭਰਦਾ ਹੋਇਆ ਸ਼ਹਿਰ ਨਹੀਂ ਹੈ, ਸਗੋਂ ਇਹ ਪਹਿਲਾਂ ਹੀ ਪੂਰੀ ਦੁਨੀਆ ‘ਚ ਜਾਣਿਆ-ਪਛਾਣਿਆ ਨਾਂ ਹੈ। ਸਿੱਖ ਧਰਮ ਦੇ ਸਰਵਉੱਚ ਤੀਰਥ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਕਾਰਨ ਅੰਮ੍ਰਿਤਸਰ ਅੰਤਰਰਾਸ਼ਟਰੀ ਧਾਰਮਿਕ ਅਤੇ ਸੈਰ-ਸਪਾਟਾ ਨਕਸ਼ੇ ‘ਤੇ ਪ੍ਰਮੁੱਖ ਸਥਾਨ ਰੱਖਦਾ ਹੈ। ਹਰ ਸਾਲ ਲੱਖਾਂ ਐਨਆਰਆਈ, ਵਿਦੇਸ਼ੀ ਸੈਲਾਨੀ ਤੇ ਘਰੇਲੂ ਯਾਤਰੀ ਅੰਮ੍ਰਿਤਸਰ ਆਉਂਦੇ ਹਨ, ਇਸਦੇ ਬਾਵਜੂਦ ਹਵਾਈ ਸੇਵਾਵਾਂ ਦੇ ਵਿਸਥਾਰ ਦੇ ਮਾਮਲੇ ਵਿੱਚ ਸ਼ਹਿਰ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਏਅਰਪੋਰਟ ਪੰਜਾਬ ਦਾ ਸਭ ਤੋਂ ਵਿਅਸਤ
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ ਦਾ ਸਭ ਤੋਂ ਵਿਅਸਤ ਤੇ ਮਹੱਤਵਪੂਰਨ ਏਅਰਪੋਰਟ ਹੈ। ਯੂਕੇ, ਕੈਨੇਡਾ, ਯੂਰਪ, ਅਮਰੀਕਾ ਅਤੇ ਖਾੜੀ ਦੇਸ਼ਾਂ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਲਈ ਅੰਮ੍ਰਿਤਸਰ ਸਿੱਧਾ ਜੁੜਾਅ ਰੱਖਦਾ ਹੈ। ਧਾਰਮਿਕ ਸੈਰ-ਸਪਾਟਾ, ਵਿਰਾਸਤੀ ਸੈਰ-ਸਪਾਟਾ ਅਤੇ ਸਰਹੱਦੀ ਵਪਾਰ ਕਾਰਨ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਸਾਲਾਂ ਤੋਂ ਬਣੀ ਹੋਈ ਹੈ। ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਉਹ ਸੰਸਦ ਤੋਂ ਲੈ ਕੇ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੀਆਂ ਮੀਟਿੰਗਾਂ ਤਕ ਅੰਮ੍ਰਿਤਸਰ ਏਅਰਪੋਰਟ ਦੇ ਵਿਸਥਾਰ, ਨਵੀਆਂ ਅੰਤਰਰਾਸ਼ਟਰੀ ਉਡਾਣਾਂ, ਘਰੇਲੂ ਕਨੈਕਟੀਵਿਟੀ ਅਤੇ ਟਰਮੀਨਲ ਵਿਸਥਾਰ ਦੀ ਮੰਗ ਲਗਾਤਾਰ ਉਠਾਉਂਦੇ ਰਹੇ ਹਨ।
ਅੰਮ੍ਰਿਤਸਰ ਨੂੰ ਦੇਸ਼-ਵਿਦੇਸ਼ ਦੇ ਸ਼ਹਿਰਾਂ ਨਾਲ ਜੋੜਨ ਦੀ ਮੰਗ
ਉਨ੍ਹਾਂ ਅੰਮ੍ਰਿਤਸਰ ਤੋਂ ਲੰਡਨ, ਕੈਨੇਡਾ, ਯੂਰਪੀ ਦੇਸ਼ਾਂ ਦੇ ਨਾਲ-ਨਾਲ ਨਾਂਦੇੜ ਸਾਹਿਬ, ਗੁਹਾਟੀ ਤੇ ਧਰਮਸ਼ਾਲਾ ਵਰਗੇ ਮਹੱਤਵਪੂਰਨ ਰੂਟ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਮੋਹਾਲੀ ਦਾ ਵਿਕਾਸ ਗਲਤ ਨਹੀਂ ਹੈ, ਪਰ ਅੰਮ੍ਰਿਤਸਰ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ਼ ਇਕ ਸ਼ਹਿਰ ਨੂੰ ਕੇਂਦਰ ‘ਚ ਰੱਖਣਾ ਪੰਜਾਬ ਦੀ ਭੂਗੋਲਿਕ, ਧਾਰਮਿਕ ਤੇ ਆਰਥਿਕ ਅਸਲੀਅਤ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਕਮਜ਼ੋਰ ਕਰਨਾ ਪੂਰੇ ਪੰਜਾਬ ਦੀ ਅੰਤਰਰਾਸ਼ਟਰੀ ਤਸਵੀਰ ਅਤੇ ਆਰਥਿਕ ਸੰਭਾਵਨਾਵਾਂ ਨੂੰ ਕਮਜ਼ੋਰ ਕਰਨ ਦੇ ਬਰਾਬਰ ਹੈ।



