ਪ੍ਰਸ਼ਾਸਨ ਦੀ ਨੱਕ ਹੇਠ ਚੱਲ ਰਿਹਾ ਸੀ ਗੋਰਖ ਧੰਦਾ, ਅੰਮ੍ਰਿਤਸਰ ‘ਚ ਗਊ ਮਾਸ ਦੀ ਫੈਕਟਰੀ ਫੜੀ; ਸੈਂਕੜੇ ਕਿੱਲੋ ਮਾਸ ਬਰਾਮਦ

ਅੰਮ੍ਰਿਤਸਰ, 13 ਜੁਲਾਈ : ਚਾਟੀਵਿੰਡ ਇਲਾਕੇ ’ਚ ਗਊ ਮਾਸ ਦੀ ਫੈਕਟਰੀ ’ਚੋਂ ਹਿੰਦੂ ਆਗੂਆਂ ਨੇ ਸੈਂਕੜੇ ਕਿੱਲੋ ਗਊ ਮਾਸ ਬਰਾਮਦ ਕੀਤਾ ਹੈ। ਮੁਲਜ਼ਮਾਂ ਨੇ ਇਹ ਮਾਸ ਡੱਬਿਆਂ ’ਚ ਪੈਕ ਕੀਤਾ ਹੋਇਆ ਸੀ। ਦੋਸ਼ ਹੈ ਕਿ ਇਸ ਫੈਕਟਰੀ ’ਚ ਗਊ ਹੱਤਿਆ ਵੀ ਕੀਤੀ ਜਾ ਰਹੀ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦੇ ਹੀ ਹਿੰਦੂ ਸੰਗਠਨ ਮੌਕੇ ’ਤੇ ਪੁੱਜ ਗਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਹਿੰਦੂ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਨੱਕ ਹੇਠ ਖੁੱਲ੍ਹੇਆਮ ਗਊ ਹੱਤਿਆ ਕੀਤੀ ਜਾ ਰਹੀ ਹੈ ਪਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਰਾਜਪੁਰਾ ਦੇ ਰਹਿਣ ਵਾਲੇ ਗਊ ਰਕਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਤੇ ਸ਼੍ਰੀ ਹਿੰਦੂ ਤਖ਼ਤ ਦੇ ਰਾਸ਼ਟਰੀ ਸੰਗਠਨ ਮੰਤਰੀ ਸਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਚਾਟੀਵਿੰਡ ਇਲਾਕੇ ’ਚ ਪਿੰਡ ਗਿਰਵਾਲੀ ਨੇੜੇ ਇਕ ਗੋਦਾਮ ’ਚ ਗਊ ਹੱਤਿਆ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਟੀਮ ਸ਼ਨਿਚਰਵਾਰ ਨੂੰ ਉਕਤ ਫੈਕਟਰੀ ’ਚ ਪੁੱਜੀ। ਉਨ੍ਹਾਂ ਦੇਖਿਆ ਕਿ ਉੱਥੇ ਗਊਆਂ ਦੇ ਪਿੰਜਰ ਤੇ ਹੱਡੀਆਂ ਪਈਆਂ ਸਨ। ਇਸ ਤੋਂ ਇਲਾਵਾ ਪੰਜ ਕੁਇੰਟਲ ਤੋਂ ਵੱਧ ਗਊ ਮਾਸ ਵੀ ਖੁੱਲ੍ਹੇ ’ਚ ਪਿਆ ਸੀ ਤੇ ਇਲਾਕੇ ਵਿਚ ਬਹੁਤ ਬਦਬੂ ਆ ਰਹੀ ਸੀ। ਉੱਥੇ ਲਗਭਗ 165 ਡੱਬੇ ਸਨ ਤੇ ਹਰੇਕ ਡੱਬੇ ਦਾ ਭਾਰ 10 ਕਿੱਲੋ ਸੀ ਜਿਨ੍ਹਾਂ ਦਾ ਕੁੱਲ ਭਾਰ ਲਗਭਗ 16 ਕੁਇੰਟਲ ਗਊ ਮਾਸ ਸੀ। ਇਸ ਤੋਂ ਇਲਾਵਾ ਉੱਥੋਂ ਇਕ ਬਕਸਾ ਤੇ ਗਊ ਹੱਤਿਆ ਦਾ ਸਾਰਾ ਸਾਮਾਨ ਵੀ ਬਰਾਮਦ ਕੀਤਾ ਗਿਆ। ਸਾਰੇ ਡੱਬਿਆਂ ’ਤੇ ਹਲਾਲ ਮਾਸ ਲਿਖਿਆ ਹੋਇਆ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਂਚ ਤੋਂ ਬਾਅਦ ਪੁਲਿਸ ਨੇ ਯੂਪੀ ਦੇ ਕੁਸ਼ੀਨਗਰ ਦੇ ਰਹਿਣ ਵਾਲੇ ਨਸੀਮ ਅੰਸਾਰੀ, ਲਖਨਊ ਦੇ ਸਲਾਹਗੰਜ ਪਿੰਡ ਦੇ ਰਹਿਣ ਵਾਲੇ ਸ਼ਾਨੂ, ਮੇਰਠ ਦੇ ਸ਼ਿਆਮ ਨਗਰ ਦੇ ਰਹਿਣ ਵਾਲੇ ਇਮਰਾਨ, ਮੇਰਠ ਦੇ ਇਸਲਾਮ ਨਗਰ ਦੇ ਗੋਕੁਲਪੁਰ ਦੇ ਰਹਿਣ ਵਾਲੇ ਹਸੀਨ ਮੁਕੁੰਦ ਅਤੇ ਸ਼ਿਆਮ ਨਗਰ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ’ਚੋਂ ਮੁਹੰਮਦ ਇਮਰਾਨ ਕਾਰ ਵਿਚ ਸਵਾਰ ਹੋ ਕੇ ਭੱਜ ਗਿਆ। ਲੋਕਾਂ ਨੇ ਦੱਸਿਆ ਕਿ ਮੁਲਜ਼ਮ ਨਾਲ ਕਾਰ ’ਚ ਪੰਜ ਔਰਤਾਂ ਵੀ ਸਵਾਰ ਸਨ। ਚਾਟੀਵਿੰਡ ਪੁਲਿਸ ਸਟੇਸ਼ਨ ਦੀ ਇੰਚਾਰਜ ਹਰਸਿਮਰਨਪ੍ਰੀਤ ਕੌਰ ਨੇ ਦੱਸਿਆ ਕਿ ਫਿਲਹਾਲ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਮਾਸ ਦੇ ਨਮੂਨੇ ਇਕੱਠੇ ਕੀਤੇ ਗਏ ਹਨ ਤੇ ਜਾਂਚ ਜਾਰੀ ਹੈ। ਗਊ ਰਕਸ਼ਾ ਦਲ ਪੰਜਾਬ ਦੇ ਮੁਖੀ ਨਿਕਸਨ ਕੁਮਾਰ ਵਾਸੀ ਰੋਪੜ ਤੇ ਸੇਵਾ ਕਮਿਸ਼ਨ ਪੰਜਾਬ ਸਰਕਾਰ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਹਿੰਦੂ ਆਗੂ ਜੈ ਗੋਪਾਲ ਲਾਲੀ, ਸੰਦੀਪ ਸ਼ਰਮਾ, ਪੁਸ਼ਵਿੰਦਰ ਧੀਮਾਨ, ਦੀਪਕ ਸ਼ਰਮਾ, ਵਿਸ਼ਾਲ ਠਾਕੁਰ ਨਾਲ ਫੈਕਟਰੀ ਦੇ ਬਾਹਰ ਪੁੱਜੇ ਤੇ ਸਰਕਾਰ ਵਿਰੁੱਧ ਇਨਸਾਫ਼ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।



