
ਡੇਰਾ ਬਾਬਾ ਨਾਨਕ, 4 ਅਗਸਤ : ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਵਿਖੇ ਇਕ ਵਿਅਕਤੀ ਦੇ ਘਰ ‘ਤੇ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਚਲਾਈਆਂ ਹਨ। ਗੋਲ਼ੀਆਂ ਘਰ ਦੇ ਗੇਟ ‘ਤੇ ਲੱਗੀਆਂ ਹਨ। ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਰਸਿਮਰਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਵੇਰੋਕੇ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਵਿੱਚ ਉਸਨੇ ਦੱਸਿਆ ਕਿ ਸੋਮਵਾਰ ਸਵੇਰੇ 2 ਅਣਪਛਾਤੇ ਵਿਅਕਤੀਆਂ (ਜੋ ਮੋਟਰਸਾਈਕਲ ‘ਤੇ ਸਵਾਰ ਸਨ) ਨੇ ਉਸਦੀ ਰਿਹਾਇਸ਼ ਨੇੜੇ 4 ਰਾਊਂਡ ਹਵਾਈ ਫਾਇਰ ਕੀਤੇ। ਇਸਦੇ ਉਲਟ ਆਪਣੇ ਬਚਾਅ ਲਈ ਉਸਨੇ ਆਪਣੇ ਲਾਇਸੈਂਸੀ ਹਥਿਆਰ ਨਾਲ 1 ਰਾਊਂਡ ਹਵਾਈ ਫਾਇਰ ਵੀ ਕੀਤਾ। ਉਸ ਨੇ ਅੱਗੇ ਕਿਹਾ ਕਿ ਉਹ ਇਮੀਗ੍ਰੇਸ਼ਨ ਏਜੰਟ ਵਜੋਂ ਕੰਮ ਕਰਦਾ ਹੈ ਤੇ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਧਮਕੀ ਭਰਿਆ ਫੋਨ ਆਇਆ ਸੀ ਜਿਸਨੇ ਆਪਣੀ ਪਛਾਣ ਨਿਸ਼ਾਨ ਜੌੜੀਆਂ ਕਲਾਂ ਵਜੋਂ ਕੀਤੀ ਸੀ ਅਤੇ ਉਕਤ ਵਿਅਕਤੀ ਨੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਉਕਤ ਮਾਮਲੇ ਦੇ ਸੰਬੰਧ ਵਿੱਚ ਡੇਰਾ ਬਾਬਾ ਨਾਨਕ ਪੁਲਿਸ ਜਾਂਚ ਕਰ ਰਹੀ ਹੈ।



