ਪੋਸ਼ਣ ਅਭਿਆਨ ਸਕੀਮ ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮ ਤਹਿਤ ਆ ਰਹੀਆਂ ਫੇਕ ਕਾਲਾਂ ਤੋਂ ਰਹੋ ਸਾਵਧਾਨ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ
ਫਿਰੋਜ਼ਪੁਰ 21 ਅਪ੍ਰੈਲ- ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਪੋਸ਼ਣ ਅਭਿਆਨ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮ ਤਹਿਤ ਪਹਿਲੇ ਬੱਚੇ ਦੇ ਪੈਦਾ ਹੋਣ ਤੇ 5000 ਰੁਪਏ ਅਤੇ ਦੂਸਰਾ ਬੱਚਾ ਜੇਕਰ ਲੜਕੀ ਪੈਦਾ ਹੁੰਦੀ ਹੈ ਤਾਂ 6000 ਰੁਪਏ ਦਾ ਲਾਭ ਦਿੱਤਾ ਜਾਂਦਾ ਹੈ ਅਤੇ ਪੋਸ਼ਣ ਅਭਿਆਨ ਸਕੀਮ ਦਾ ਮੁੱਖ ਮੰਤਵ ਬੱਚਿਆਂ ਨੂੰ ਕੁਪੋਸ਼ਣ ਮੁਕਤ ਕਰਨਾ ਹੈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਰੀਚਿਕਾ ਨੰਦਾ ਨੇ ਉਕਤ ਸਕੀਮਾਂ ਸਬੰਧੀ ਲੋਕਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਬਲਾਕਾਂ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਮੋਬਾਇਲ ਨੰ. 9204700530, 9641355617 ਅਤੇ 9056775910 ਤੋਂ ਅਜਿਹੀਆਂ ਕਾਲਾਂ ਪ੍ਰਾਪਤ ਹੋ ਰਹੀਆਂ ਹਨ, ਜਿਸ ਵਿੱਚ ਉਹਨਾਂ ਦੁਆਰਾ ਕਿਹਾ ਜਾ ਰਿਹਾ ਹੈ ਕਿ ਉਹ ਪੋਸ਼ਣ ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮ ਦੇ ਮੈਡੀਕਲ ਅਫਸਰ ਬੋਲ ਰਹੇ ਹਨ, ਤੁਹਾਨੂੰ ਉਕਤ ਸਕੀਮਾਂ ਤਹਿਤ 11000 ਰੁਪਏ ਮਿਲਨੇ ਹਨ, ਜੇਕਰ ਤੁਸੀਂ ਪੇਮੈਂਟ ਲੈਣਾ ਚਾਹੁੰਦੇ ਹੋ ਤਾਂ ਆਪਣੇ ਪੇਟੀਐਮ ਤੇ ਯੈਸ ਕਰ ਦਿਓ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਕਾਲ ਨਹੀਂ ਕੀਤੀ ਜਾ ਰਹੀ ਅਤੇ ਇਹ ਕਾਲਾਂ ਫੇਕ ਹਨ। ਸ਼੍ਰੀਮਤੀ ਰੀਚਿਕਾ ਨੰਦਾ ਜਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਦੁਆਰਾ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੀਆਂ ਆ ਰਹੀਆਂ ਫੇਕ ਕਾਲਾਂ ਤੋਂ ਸਾਵਧਾਨ ਰਿਹਾ ਜਾਵੇ, ਮਹਿਕਮੇ ਦਾ ਕੋਈ ਵੀ ਅਫਸਰ ਜਾਂ ਨੁਮਾਇਂਦਾ ਅਜਿਹਾ ਫੋਨ ਨਹੀਂ ਕਰ ਰਿਹਾ।



