ਪੁਲਿਸ ਨੂੰ ਮਿਲੀ ਵੱਡੀ ਸਫਲਤਾ 8 ਕਿੱਲੋ 163 ਗ੍ਰਾਮ ਹੈਰੋਇਨ ਤੇ ਹੋਰ ਵੱਖ–ਵੱਖ ਮਾਮਲਿਆਂ ’ਚ 11 ਮੁਲਜ਼ਮ ਗ੍ਰਿਫ਼ਤਾਰ
8 ਕਿੱਲੋ 163 ਗ੍ਰਾਮ ਹੈਰੋਇਨ, 15 ਹਜ਼ਾਰ 700 ਰੁਪਏ ਡਰੱਗ ਮਨੀ, 2 ਪਿਸਤੌਲਾਂ 9 ਕਾਰਤੂਸ, 2 ਮੋਟਰਸਾਇਕਲ, ਇਕ ਕਾਰ, ਇਕ ਮੋਬਾਇਲ ਫੋਨ ਸਮੇਤ 11 ਮੁਲਜ਼ਮ ਗ੍ਰਿਫ਼ਤਾਰ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 30 ਮਾਰਚ- ਪੰਜਾਬ ਸਰਕਾਰ ਦੇ ਦਿਸ਼ਾ–ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਵੱਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦ ਫ਼ਿਰੋਜ਼ਪੁਰ ਪੁਲਿਸ ਨੇ 8 ਕਿੱਲੋ 163 ਗ੍ਰਾਮ ਹੈਰੋਇਨ, 15 ਹਜ਼ਾਰ 700 ਰੁਪਏ ਡਰੱਗ ਮਨੀ, 2 ਪਿਸਤੌਲਾਂ 9 ਕਾਰਤੂਸ, 2 ਮੋਟਰਸਾਇਕਲ, ਇਕ ਕਾਰ, ਇਕ ਮੋਬਾਇਲ ਫੋਨ ਸਮੇਤ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਖ਼ਿਲਾਫ਼ ਵੱਖ–ਵੱਖ ਥਾਣਿਆਂ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਇਸ ਸਬੰਧੀ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮੱਲਾਂਵਾਲਾ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਨੂੰ ਬੀਤੇ ਦਿਨ ਖ਼ਬਰੀ ਨੇ ਇਤਲਾਹ ਦਿੱਤੀ ਕਿ ਇਕ ਅਣਪਛਾਤਾ ਵਿਅਕਤੀ ਗੱਡੀ ਨੰਬਰ ਪੀ.ਬੀ 02 ਈ.ਟੀ 3069 ’ਤੇ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਫ਼ਿਰੋਜ਼ਪੁਰ ਸਾਈਡ ਤੋਂ ਆ ਰਿਹਾ ਹੈ। ਇਸ ’ਤੇ ਪੁਲਿਸ ਟੀਮ ਨੇ ਨਾਕਾਬੰਦੀ ਕਰਕੇ ਇਕ ਕਾਰ ਸਵਾਰ ਵਿਅਕਤੀ ਅਕਾਸ਼ ਉਰਫ਼ ਛੋਟੂ ਪੁੱਤਰ ਤਰਸੇਮ ਕੁਮਾਰ ਵਾਸੀ ਗਵਾਲ ਮੰਡੀ ਅੰਮ੍ਰਿਤਸਰ ਕੋਲੋਂ 8 ਕਿੱਲੋ ਹੈਰੋਇਨ, 700 ਰੁਪਏ ਭਾਰਤੀ ਕਰੰਸੀ ਅਤੇ 1 ਆਈਫੋਨ ਬਰਾਮਦ ਕੀਤਾ। ਇਸੇ ਤਰ੍ਹਾਂ ਥਾਣਾ ਕੈਂਟ ਫ਼ਿਰੋਜ਼ਪੁਰ ਦੀ ਪੁਲਿਸ ਪਾਰਟੀ ਨੇ ਬੀਤੇ ਦਿਨ ਫ਼ਿਰੋਜ਼ਪੁਰ ਕੈਂਟ ਬੱਸ ਸਟੈਂਡ ਤੋਂ ਮੰਦਿਰ ਵਾਲੀ ਸੜਕ ਤੋਂ ਗੁਰਦੀਪ ਸਿੰਘ ਪੁੱਤਰ ਗੁਰਨਾਥ ਸਿੰਘ ਵਾਸੀ ਬਸਤੀ ਟੈਂਕਾਂ ਵਾਲੀ ਨੂੰ 7 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਐੱਸ.ਐੱਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸਤਪਾਲ ਦੀ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਇਕ ਵਿਅਕਤੀ ਕੋਮਲ ਸਿੰਘ ਉਰਫ਼ ਕੰਮਾ ਪੁੱਤਰ ਨਰੈਣ ਸਿੰਘ ਵਾਸੀ ਪੁਰਾਣਾ ਬਾਰੇ ਕੇ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 136 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਘੱਲ ਖੁਰਦ ਪੁਲਿਸ ਦੇ ਇੰਸਪੈਕਟਰ ਜਸਵਿੰਦਰ ਸਿੰਘ ਦੀ ਟੀਮ ਨੇ ਦੋਸ਼ੀ ਮੇਜਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਵੱਡਾ ਵੇਹੜਾ ਨੂੰ 10 ਗ੍ਰਾਮ ਹੈਰੋਇਨ, 13 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਗੁਰੂਹਰਸਹਾਏ ਪੁਲਿਸ ਦੇ ਐੱਸ.ਆਈ. ਜੱਜਪਾਲ ਸਿੰਘ ਦੀ ਪੁਲਿਸ ਪਾਰਟੀ ਬੀਤੇ ਦਿਨ ਵਿਸ਼ਵਕਰਮਾ ਚੌਂਕ ਗੁਰੂਹਰਸਹਾਏ ਪਾਸ ਪੁੱਜੀ ਤਾਂ ਇਸ ਦੌਰਾਨ ਅਲੀਸ਼ਾ ਪੁੱਤਰ ਰੌਣਕ ਵਾਸੀ ਬਸਤੀ ਗੁਰੂ ਕਰਮ ਸਿੰਘ ਗੁਰੂਹਰਸਹਾਏ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਗ਼ੈਰ ਸਮਾਜੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 1 ਪਿਸਟਲ 32 ਬੋਰ, 3 ਜ਼ਿੰਦਾ ਰੋਂਦ ਅਤੇ ਇਕ ਮੋਟਰਸਾਈਕਲ ਬਿਨਾਂ ਨੰਬਰੀ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਦੌਰਾਨ ਕਿਲੇ ਵਾਲਾ ਚੌਂਕ ਫ਼ਿਰੋਜ਼ਪੁਰ ਪਾਸ ਪੁੱਜੀ ਤਾਂ ਇਸ ਦੌਰਾਨ ਖ਼ਬਰੀ ਨੇ ਇਤਲਾਹ ਦਿੱਤੀ ਕਿ ਸੁਖਪ੍ਰੀਤ ਸਿੰਘ ਉਰਫ਼ ਕੈਪਟਨ ਪੁੱਤਰ ਰੂਪ ਸਿੰਘ ਵਾਸੀ ਪਿੰਡ ਨੂਰਪੁਰ ਸੇਠਾਂ ਅਤੇ ਬਲਜਿੰਦਰ ਸਿੰਘ ਉਰਫ਼ ਬੰਟੀ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਰੁਕਨਾ ਮੁੰਗਲਾ ਨੇ ਆਪਣੇ ਪਾਸ ਨਾਜਾਇਜ਼ ਪਿਸਤੌਲ ਰੱਖਿਆ ਹੋਇਆ ਹੈ। ਇਸ ਵਕਤ ਸੁਖਪ੍ਰੀਤ ਸਿੰਘ ਉਰਫ਼ ਕੈਪਟਨ ਅਤੇ ਬਲਜਿੰਦਰ ਸਿੰਘ ਉਰਫ਼ ਬੰਟੀ ਦੋਵੇਂ ਜਣੇ ਹੀ ਹੂਸੈਨੀਵਾਲਾ ਨੂੰ ਜਾਂਦੀ ਸੜਕ ’ਤੇ ਕਿਲੇ ਵਾਲਾ ਚੌਂਕ ਕੋਲ ਕਿਸੇ ਫਿਰਾਕ ਵਿਚ ਖੜੇ ਹਨ। ਇਸ ’ਤੇ ਫੌਰੀ ਕਾਰਵਾਈ ਕਰਦਿਆਂ ਪੁਲਿਸ ਨੇ ਉਕਤ ਦੋਵਾਂ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 1 ਪਿਸਤੌਲ 32 ਬੋਰ ਸਮੇਤ ਮੈਗਜ਼ੀਨ, 3 ਰੋਂਦ ਜ਼ਿੰਦਾ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਦਿਆਂ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰਾਂ ਥਾਣਾ ਸਿਟੀ ਜ਼ੀਰਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਅਤੇ ਇਕ ਕਾਰ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐੱਸ.ਆਈ. ਮੇਜਰ ਸਿੰਘ ਨੇ ਦੱਸਿਆ ਕਿ ਦੌਰਾਨ ਗਸ਼ਤ ਲਵਜੋਤ ਸਿੰਘ ਉਰਫ਼ ਕਾਲੂ ਪੁੱਤਰ ਕਿਰਨਦੀਪ ਸਿੰਘ ਵਾਸੀ ਗਾਦੜੀ ਵਾਲਾ ਥਾਣਾ ਸਿਟੀ ਜ਼ੀਰਾ ਦੀ ਤਲਾਸ਼ੀ ਕੀਤੀ ਤਾਂ ਉਸ ਦੀ ਪਹਿਨੀ ਹੋਈ ਪੈਂਟ ਦੀ ਖੱਬੀ ਡੱਬ ਵਿਚ ਇਕ ਦੇਸੀ ਕੱਟਾ (ਪਿਸਤੌਲ) 315 ਬੋਰ ਬਿਨ੍ਹਾ ਨੰਬਰੀ ਜਿਸ ਵਿਚ ਇਕ ਰੋਂਦ ਜ਼ਿੰਦਾ ਭਰਿਆ ਹੋਇਆ ਹੈ ਮਿਲਿਆ ਅਤੇ ਪੈਂਟ ਦੀ ਸੱਜੀ ਜੇਬ ਵਿਚੋਂ ਤਿੰਨ ਰੋਂਦ ਜ਼ਿੰਦਾ 315 ਬੋਰ ਜਿਨ੍ਹਾਂ ਉਪਰ ਬੀਐੱਮਐੱਮ-ਕੇਐੱਫ ਲਿਖਿਆ ਹੋਇਆ ਹੈ ਬਰਾਮਦ ਹੋਏ। ਜਿਸ ਬਾਬਤ ਲਵਜੋਤ ਸਿੰਘ ਕੋਈ ਲਾਇਸੰਸ ਪੇਸ਼ ਨਹੀਂ ਕਰ ਸਕਿਆ। ਦੂਜੇ ਨੌਜਵਾਨ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਸੁਰਜੀਤ ਸਿੰਘ ਵਾਸੀ ਬੰਡਾਲਾ ਨੌਂ ਬੰਬ ਦੀ ਤਲਾਸ਼ੀ ਦੌਰਾਨ ਉਸ ਕੋਲੋਂ 3 ਰੋਂਦ ਜ਼ਿੰਦਾ, ਜਿਨ੍ਹਾਂ ਉਪਰ ਕੇਐੱਫ-7.65 ਲਿਖਿਆ ਹੋਇਆ, ਇਕ ਕਾਰ ਸਕਾਰਪਿਓ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 29 ਮਾਰਚ ਤੱਕ ਸਾਢੇ 23 ਕਿੱਲੋ ਹੈਰੋਇਨ ਤੇ ਸਵਾ ਤਿੰਨ ਲੱਖ ਡਰੱਗ ਮਨੀਂ ਸਮੇਤ 203 ਕਾਬੂ ਮਾਰਚ ਮਹੀਨੇ ’ਚ ਕੁੱਲ ਦਰਜ ਮੁਕੱਦਮੇ 97 ਮੁਜ਼ਰਿਮ ਕਾਬੂ 203 ਹੈਰੋਇਨ ਬਰਾਮਦਗੀ 23 ਕਿੱਲੋ 566 ਗ੍ਰਾਮ ਪਾਬੰਦੀਸ਼ੁਦਾ ਗੋਲੀਆਂ/ਕੈਪਸੂਲ 10655 ਡਰੱਗ ਮਨੀਂ 3 ਲੱਖ 28 ਹਜ਼ਾਰ ਰੁਪਏ ਪਿਸਤੌਲ ਤੇ ਅਸਲਾ 5 ਪਿਸਤੌਲ 7 ਮੈਗਜ਼ੀਨ ਬਰਾਮਦ ਹੋਏ ਹਨ।



