ਸਾਉਦੀ ‘ਚ ਨੌਕਰੀ ਕਰ ਰਿਹਾ ਸੀ ਜਲੰਧਰ ਦਾ ਨਰੇਸ਼, ਛੁੱਟੀ ਮੰਗੀ ਤਾਂ ਕੰਪਨੀ ਨੇ ਚੋਰੀ ਦੇ ਦੋਸ਼ ‘ਚ ਫਸਾਇਆ; ਹੁਣ ਹੋਈ ਘਰ ਵਾਪਸੀ

ਕਪੂਰਥਲਾ, 30 ਮਾਰਚ-ਸਾਊਦੀ ਅਰਬ ਵਿਚ ਸੁਰੱਖਿਆ ਗਾਰਡ ਦੀ ਨੌਕਰੀ ਕਰਦੇ ਨਰੇਸ਼ ਕੁਮਾਰ ਨੂੰ ਚਾਰ ਸਾਲਾਂ ਬਾਅਦ ਛੁੱਟੀ ਮੰਗਣ ’ਤੇ ਚੋਰੀ ਦੇ ਦੋਸ਼ਾਂ ਤਹਿਤ ਡੇਢ ਸਾਲ ਤੱਕ ਥਾਣਿਆਂ ਤੇ ਜੇਲ੍ਹਾਂ ’ਚ ਮਾਨਸਿਕ ਤਸੀਹੇ ਝੱਲਣੇ ਪਏ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਪਰਤੇ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠੜਾ ਦੇ ਨਰੇਸ਼ ਕੁਮਾਰ ਨੇ ਹੱਡਬੀਤੀ ਸੁਣਾਈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਤਨੀ ਨਾਲ ਪਹੁੰਚੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਸਾਲ 2014 ਵਿੱਚ ਸਾਊਦੀ ਅਰਬ ਗਿਆ ਸੀ। ਉਹ ਤਿੰਨ ਵਾਰ ਤਾਂ ਆਪਣੇ ਪਿੰਡ ਗੇੜਾ ਮਾਰ ਗਿਆ ਸੀ। ਜਦੋਂ ਉਹ 2019 ਵਿੱਚ ਵਾਪਸ ਸਾਊਦੀ ਅਰਬ ਗਿਆ ਤਾਂ ਚਾਰ ਸਾਲਾਂ ਬਾਅਦ ਉਸ ਨੇ ਆਪਣੇ ਪਰਿਵਾਰ ਵਿੱਚ ਜਾਣ ਲਈ ਛੁੱਟੀ ਮੰਗੀ ਤਾਂ ਕੰਪਨੀ ਨੇ ਛੁੱਟੀ ਦੇਣ ਦੀ ਥਾਂ ਚੋਰੀ ਦਾ ਇਲਜ਼ਾਮ ਲਾ ਕੇ ਬੰਦ ਕਮਰੇ ਵਿੱਚ ਬੰਦੀ ਬਣਾ ਲਿਆ ਗਿਆ। ਨਰੇਸ਼ ਕੁਮਾਰ ਨੇ ਦੱਸਿਆ ਕਿ ਸਿਰਫ ਦਿਨ ਵਿਚ 2 ਵਾਰ ਦਰਵਾਜ਼ਾ ਖੋਲ੍ਹ ਕੇ ਰੋਟੀ ਦਿੱਤੀ ਜਾਂਦੀ ਸੀ ਤੇ ਬਹੁਤ ਤੰਗ ਕਮਰੇ ਵਿੱਚ ਕੈਦ ਕੀਤਾ ਹੋਇਆ ਸੀ ਜਿੱਥੇ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਹ ਹੁਣ ਨਹੀਂ ਬਚਦਾ। ਪਿੱਛੇ ਪਰਿਵਾਰ ਨੂੰ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਕਿਸ ਹਾਲਾਤ ਵਿੱਚ ਹੈ। ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ’ਚ ਸੰਪਰਕ ਕੀਤਾ। ਸੰਤਾਂ ਨੇ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ 2 ਮਹੀਨੇ ਤੋਂ ਕਮਰੇ ਵਿੱਚ ਬੰਦੀ ਬਣਾ ਕੇ ਰੱਖੇ ਨਰੇਸ਼ ਕੁਮਾਰ ਦੀ ਬੰਦ ਖਲਾਸੀ ਕਰਵਾਈ। ਨਰੇਸ਼ ਨੇ ਦੱਸਿਆ ਕਿ ਅੰਬੈਸੀ ਦੀ ਦਖਲਅੰਦਾਜ਼ੀ ਤੋਂ ਬਾਅਦ ਉਹ ਕੰਪਨੀ ਵਿੱਚੋਂ ਤਾਂ ਬਾਹਰ ਆ ਗਿਆ ਪਰ ਬਾਅਦ ਵਿੱਚ ਕੰਪਨੀ ਵੱਲੋਂ ਉਸ ਨੂੰ ਝੂਠੇ ਕੇਸ ਵਿੱਚ ਪੁਲਿਸ ਨੂੰ ਫੜਾ ਦਿੱਤਾ ਗਿਆ ਜਿੱਥੇ ਉਸ ਨੂੰ ਝੂਠੇ ਚੋਰੀ ਦੇ ਕੇਸ ਵਿੱਚ 7 ਮਹੀਨੇ ਤੱਕ ਜੇਲ੍ਹ ਵਿੱਚ ਰੱਖਿਆ ਗਿਆ। ਜੁਰਮ ਨਾ ਸਾਬਤ ਹੋਣ ਦੀ ਸੂਰਤ ਵਿੱਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਪਰ ਇਸ ਦੇ ਬਾਵਜੂਦ ਰਿਹਾਅ ਨਹੀਂ ਕੀਤਾ ਜਾ ਰਿਹਾ ਸੀ। ਸੰਤ ਸੀਚੇਵਾਲ ਦੀ ਮੁੜ ਅਪੀਲ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਦਖਲ ਦਿੱਤਾ। ਫਿਰ ਕੰਪਨੀ ਨੇ ਕਲੀਅਰੈਂਸ ਦੇਣ ਲੱਗਿਆਂ ਉਸ ਦੇ ਕੰਮ ਨੂੰ 6 ਮਹੀਨੇ ਤੱਕ ਲਟਕਾਈ ਰੱਖਿਆ। ਇਸ ਕਾਰਨ ਉਸ ਨੂੰ ਮਾਨਸਿਕ ਤੌਰ ’ਤੇ ਬਹੁਤ ਪਰੇਸ਼ਾਨ ਕੀਤਾ ਗਿਆ। ਨਰੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਉੱਥੇ ਉਸ ਵਰਗੇ ਹੋਰ ਵੀ ਬਹੁਤ ਭਾਰਤੀ ਫਸੇ ਹੋਏ ਹਨ ਜਿਨ੍ਹਾਂ ਨੂੰ ਭਾਰਤ ਵਾਪਸੀ ਤੋਂ ਰੋਕਣ ਲਈ ਕੰਪਨੀਆਂ ਵੱਲੋਂ ਝੂਠੇ ਦੋਸ਼ਾਂ ਵਿੱਚ ਜੇਲ੍ਹਾਂ ਵਿੱਚ ਫਸਾ ਕੇ ਰੱਖਿਆ ਹੋਇਆ ਹੈ। ਘਰ ਵਾਪਸੀ ’ਤੇ ਨਰੇਸ਼ ਨੇ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ ਕਿ ਉਹ ਉਸ ਨਾਲ ਤੇ ਉਸ ਦੇ ਪਰਿਵਾਰ ਦੇ ਨਾਲ ਖੜ੍ਹੇ ਰਹੇ ਤੇ ਕਿਸੇ ਵੀ ਸਥਿਤੀ ’ਚ ਡੋਲਣ ਨਹੀਂ ਦਿੱਤਾ। ਉਸ ਦੀ ਪਤਨੀ ਨੇ ਦੱਸਿਆ ਕਿ ਜਦੋਂ ਪਤੀ ਨੂੰ ਕੰਪਨੀ ਨੇ ਕਮਰੇ ਵਿੱਚ ਬੰਦੀ ਬਣਾ ਲ਼ਿਆ ਤਾਂ ਉਨ੍ਹਾਂ ਦਾ 2 ਮਹੀਨਿਆਂ ਤੱਕ ਸੰਪਰਕ ਨਾ ਹੋਣ ’ਤੇ ਬਹੁਤ ਪਰੇਸ਼ਾਨੀ ਵਿੱਚ ਘਿਰ ਗਈ ਸੀ। ਉਸ ਦੀਆਂ 2 ਬੱਚੀਆਂ ਦਾ ਵੀ ਰੋ-ਰੋ ਬੁਰਾ ਹਾਲ ਸੀ ਤੇ ਇਸ ਖਬਰ ਕਾਰਨ ਉਸ ਦੀ ਬਜ਼ੁਰਗ ਮਾਂ ਸਦਮੇ ’ਚ ਸੀ। ਉਸ ਨੇ ਆਪਣੇ ਪਤੀ ਦੀ ਵਾਪਸੀ ਦੀ ਖੁਸ਼ੀ ਜ਼ਾਹਰ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
ਪਰਵਾਸੀ ਕਾਮੇ ਝੂਠੇ ਮੁਕੱਦਮਿਆਂ ’ਚ ਹੋ ਰਹੇ ਨੇ ਖੱਜਲ ਖੁਆਰ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਵੱਲੋਂ ਕੀਤੀ ਪੈਰਵਾਈ ਸਦਕਾ ਹੀ ਨਰੇਸ਼ ਕੁਮਾਰ ਦੀ ਘਰ ਵਾਪਸੀ ਸੰਭਵ ਹੋ ਪਾਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਪ੍ਰਵਾਸੀ ਕਾਮਿਆਂ ਨੂੰ ਚੋਰੀ ਦੇ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਮਸਕਟ ਵਿੱਚੋਂ ਵਾਪਸ ਆਈਆਂ ਲਗਭਗ ਸਾਰੀਆਂ ਲੜਕੀਆਂ ਨੇ ਇਹੋ ਹੀ ਦੱਸਿਆ ਸੀ ਕਿ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾਂਦਾ ਹੈ ਤਾਂ ਜੋ ਵਾਪਿਸ ਆਪਣੇ ਘਰਾਂ ਨੂੰ ਨਾ ਜਾ ਸਕਣ। ਉਹਨਾਂ ਦੱਸਿਆ ਕਿ ਅਜਿਹੇ ਹੀ ਮਾਮਲੇ ਹੋਰ ਵੀ ਹਨ, ਜਿਸ ਵਿੱਚ ਭਾਰਤ ਵਾਪਸੀ ਦੌਰਾਨ ਭਾਰਤੀਆਂ ਨੂੰ ਅਜਿਹੇ ਹੀ ਮਾਮਲੇ ਵਿੱਚ ਉਲਝਾ ਲਿਆ ਜਾਂਦਾ ਹੈ ਤੇ ਉਹ ਵਾਪਸੀ ਲਈ ਲੰਬਾ ਸਮੇਂ ਤੱਕ ਉੱਥੇ ਹੀ ਫਸੇ ਰਹਿ ਜਾਂਦੇ ਹਨ।



