
ਤਰਨਤਾਰਨ, 7 ਜਨਵਰੀ : ਤਰਨਤਾਰਨ ਪੁਲਿਸ ਨੇ ਦੇਰ ਰਾਤ ਕਰੀਬ ਦੋ ਵਜੇ ਫਾਰਚੂਨ ਸਵਾਰ ਦੋ ਨਸ਼ਾ ਤਸਕਰਾਂ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਪੁਲਿਸ ਦੀ ਗੋਲੀ ਨਾਲ ਇਕ ਤਸਕਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਾਤਲ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ, 59 ਹਜ਼ਾਰ ਦੀ ਡਰੱਗ ਮਨੀ ਅਤੇ 32 ਬੋਰ ਦਾ ਪਿਸਟਲ ਬਰਾਮਦ ਹੋਇਆ ਹੈ। ਮੌਕੇ ’ਤੇ ਪੁੱਜੇ ਡੀਐੱਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਏਐੱਸਆਈ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਰਮਸਤਪੁਰ ਵਾਲੀ ਰੋਹੀ ਵਾਲੇ ਰਸਤੇ ’ਤੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਇਕ ਫਾਰਚੂਨਰ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ ਪਰ ਉਸ ਵਿਚ ਸਵਾਰ ਦੋ ਜਣਿਆਂ ’ਚੋਂ ਇਕ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਜਦੋਂਕਿ ਜਵਾਬੀ ਕਾਰਵਾਈ ਦੌਰਾਨ ਦੋਵਾਂ ਵਿਚ ਇਕ ਜਿਸਦੀ ਪਛਾਣ ਅਵਤਾਰ ਸਿੰਘ ਬਾਬਾ ਵਜੋਂ ਹੋਈ ਦੀ ਲੱਤ ਵਿਚ ਗੋਲੀ ਲੱਗ ਗਈ। ਜਿਸ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਜਦੋਂਕਿ ਗੱਡੀ ਵਿਚ ਸਵਾਰ ਦੂਜੇ ਵਿਅਕਤੀ ਦੀ ਪਛਾਣ ਜੱਜਪ੍ਰੀਤ ਸਿੰਘ ਵਜੋਂ ਹਈ ਹੈ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚੋਂ 770 ਗ੍ਰਾਮ ਦੇ ਕਰੀਬ ਹੈਰੋਇਨ ਤੋਂ ਇਲਾਵਾ 59 ਹਜ਼ਾਰ ਦੀ ਡਰੱਗ ਮਨੀ, ਇਕ ਕੰਡਾ ਅਤੇ 32 ਬੋਰ ਦਾ ਰਿਵਾਲਵਰ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਦੂਜੇ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।



