Punjab

‎ਪਿੰਡ ਬਸਤੀ ਪ੍ਰੀਤਮ ਸਿੰਘ ਵਾਲੀ, ਕਮਾਲੇ ਵਾਲਾ, ਸੈਦੇ ਕੇ, ਖਾਨੇ ਕੇ ਅਹਿਲ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਜਾਗਰੂਕਤਾ ਸਮਾਗਮ ਆਯੋਜਿਤ

‎ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਜਨ ਭਾਗੀਦਾਰੀ ਅਹਿਮ— ਵਿਧਾਇਕ ਰਣਬੀਰ ਭੁੱਲਰ

ਬਾਲ ਕਿਸ਼ਨ

‎ਫ਼ਿਰੋਜ਼ਪੁਰ 26 ਜੁਲਾਈ : ‎ਰਾਜ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਅਤੇ ਯਤਨਸ਼ੀਲ ਹੈ, ਹਰੇਕ ਵਰਗ ਦੇ ਸਹਿਯੋਗ ਨਾਲ ਸਮਾਜ ਨਸ਼ਾ ਮੁਕਤ ਹੋਵੇਗਾ ਤੇ ਛੇਤੀ ਹੀ ਸਾਡਾ ਸੂਬਾ ਮੁੜ ਤੋਂ ਰੰਗਲਾ ਪੰਜਾਬ ਬਣੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਨਸ਼ਾ ਮੁਕਤੀ ਯਾਤਰਾ ਤਹਿਤ ਹਲਕੇ ਦੇ ਬਸਤੀ ਪ੍ਰੀਤਮ ਸਿੰਘ ਵਾਲੀ, ਕਮਾਲੇ ਵਾਲਾ, ਸੈਦੇ ਕੇ ਅਤੇ ਖਾਨੇ ਕੇ ਅਹਿਲ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਮੌਕੇ ਕੀਤਾ। ਇਸ ਦੌਰਾਨ ਡਾ. ਅਮਨਦੀਪ ਕੌਰ ਗੋਸਲ (ਕੋਆਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਫਿਰੋਜ਼ਪੁਰ ਸ਼ਹਿਰੀ) ਵੀ ਹਾਜ਼ਰ ਸਨ। ‎ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਨੂੰ ਲੋਕ ਲਹਿਰ ਬਣਾਉਨ ਲਈ ਪਿੰਡ ਪਿੰਡ ਪਹੁੰਚ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਹਲਕੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਆਪਸੀ ਵਿਰੋਧਤਾ ਤੋਂ ਉਪਰ ਉਠ ਕੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਰੁੱਖ ਅਖਤਿਆਰ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਬਚਾ ਸਕਾਂਗੇ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਸਕਾਂਗੇ। ‎ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਸ਼ੇ ਦੀ ਸਪਲਾਈ ਨੂੰ ਤੋੜਨ ਲਈ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਗੈਰ-ਕਾਨੂੰਨੀ ਜਾਇਦਾਦਾਂ ’ਤੇ ਬੁਲਡੋਜਰ ਚਲਾਇਆ ਜਾ ਰਿਹਾ ਹੈ। ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਨਸ਼ਾ ਖਿਲਾਫ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਨਸ਼ੇ ਦੀ ਚੈਨ ਤੋੜੀ ਜਾ ਸਕੇ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਵੀ ਮਾੜੀਆਂ ਕੁਰੀਤੀਆਂ ਵੱਲ ਜਾਣ ਦੀ ਬਜਾਏ ਖੇਡਾਂ ਅਤੇ ਪੜਾਈ ਵੱਲ ਧਿਆਨ ਦੇਣ ਲਈ ਕਿਹਾ। ‎ਇਸ ਮੌਕੇ ਡਾ. ਅਮਨਦੀਪ ਕੌਰ ਗੋਸਲ (ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ) ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਖਿਲਾਫ਼ ਇਸ ਨਿਰਣਾਇਕ ਜੰਗ ਵਿੱਚ ਜਨ ਭਾਗੀਦਾਰੀ ਦੀ ਤਾਕਤ ਨੂੰ ਸਮਝਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰੇਕ ਨਾਗਰਿਕ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸਾਂਝੀ ਕੀਤੀ ਗਈ ਛੋਟੀ ਜਿਹੀ ਜਾਣਕਾਰੀ ਪ੍ਰਸ਼ਾਸਨ ਲਈ ਵਡਮੁੱਲੀ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿਥੇ ਨਸ਼ਾ ਤਸਕਰਾਂ ‘ਤੇ ਕਾਰਵਾਈ ਕਰ ਰਹੀ ਹੈ ਉਥੇ ਇਸ ਦਲਦਲ ਵਿਚ ਫਸ ਚੁੱਕੀ ਸਾਡੀ ਨੌਜਵਾਨ ਪੀੜ੍ਹੀ ਦੀ ਸੰਭਾਲ ਕਰ ਰਹੀ ਹੈ ਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ਵਿਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨਾਲ ਹਮਦਰਦੀ ਭਰਿਆ ਰਵੱਈਆ ਅਖ਼ਤਿਆਰ ਕਰਦੇ ਹੋਏ ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਨ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਕਰਵਾਉਣ ਲਈ ਵੀ ਕਿਹਾ ਤਾਂ ਜੋ ਉਹ ਮੁੜ ਸਮਾਜ ਦੀ ਆਮ ਧਾਰਾ ਨਾਲ ਜੁੜ ਕੇ ਸਨਮਾਨਿਤ ਜੀਵਨ ਜੀ ਸਕਣ। ਇਸ ਦੌਰਾਨ ਲੋਕਾਂ ਨੂੰ ਪਿੰਡ ਵਿੱਚ ਨਸ਼ਾ ਤਸਕਰਾਂ ਨੂੰ ਬਰਦਾਸ਼ਤ ਨਾ ਕਰਨ ਅਤੇ ਕਿਸੇ ਵੀ ਨਸ਼ਾ ਤਸਕਰ ਦਾ ਕਿਸੇ ਵੱਲੋਂ ਵੀ ਸਾਥ ਨਾ ਦੇਣ ਦੀ ਸਹੁੰ ਵੀ ਚੁਕਾਈ ਗਈ।
‎ਇਸ ਮੌਕੇ ਗੁਰਜੀਤ ਸਿੰਘ ਚੀਮਾ, ਰਾਜ ਬਹਾਦਰ ਸਿੰਘ, ਹਿਮਾਂਸ਼ੂ ਠੱਕਰ, ਗੁਰਭੇਜ ਸਿੰਘ, ਸੁਰਜੀਤ ਸਿੰਘ (ਬਲਾਕ ਪ੍ਰਧਾਨ), ਸੁੱਖਦੇਵ ਸਿੰਘ ਸਰਪੰਚ, ਜਗਜੀਤ ਸਿੰਘ, ਗੁਰਨੇਕ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button