Punjab

ਪਾਰਟੀ ਦਾ ਨਾਂ ਵਰਤਿਆ ਤਾਂ ਕਰਾਂਗੇ ਜਾਲਸਾਜ਼ੀ ਦਾ ਕੇਸ

ਸ਼੍ਰੋਮਣੀ ਅਕਾਲੀ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਚਿਤਾਵਨੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 13 ਅਗਸਤ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਨਵੇਂ ਬਣਨ ਵਾਲੇ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਾਲਸਾਜ਼ੀ ’ਚ ਕੇਸ ਦਰਜ ਕਰਵਾਇਆ ਜਾਵੇਗਾ। ਅਕਾਲੀ ਦਲ ਨੇ ਨਵੀਂ ਬਣਨ ਵਾਲੀ ਪਾਰਟੀ ਨੂੰ ‘ਵੱਖਰਾ ਚੁੱਲ੍ਹਾ ਪਾਰਟੀ’ ਨਾਂ ਦਿੱਤਾ ਹੈ। ਓਧਰ, ਨਵੇਂ ਦਲ ਨੇ ਕਿਹਾ ਕਿ ਸ਼੍ਰੋਮਈ ਅਕਾਲੀ ਦਲ ਦਾ ਕੇਸ ਦਰਜ ਕਰਵਾਉਣ ਦਾ ਸਵਾਗਤ ਹੈ। ਜਦੋਂ ਸਾਨੂੰ ਨੋਟਿਸ ਮਿਲੇਗਾ, ਅਸੀਂ ਇਸ ਦਾ ਬਾਕਾਇਦਾ ਜਵਾਬ ਦੇਵਾਂਗੇ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1996 ਦੇ ਨੋਟੀਫਿਕੇਸ਼ਨ ਮੁਤਾਬਕ ਚੋਣ ਕਮਿਸ਼ਨ ਕੋਲ ਰਜਿਸਟਰਡ ਤੇ ਮਾਨਤਾ ਪ੍ਰਾਪਤ ਪਾਰਟੀ ਹੈ। ਅਕਾਲੀ ਦਲ ਦੇ ਸਾਰੇ ਮੈਂਬਰਾਂ ਨੇ 10 ਰੁਪਏ ਦੀ ਫੀਸ ਜਮ੍ਹਾਂ ਕਰਵਾ ਕੇ ਪਾਰਟੀ ਦੀ ਮੈਂਬਰਿਸ਼ਪ ਲਈ ਹੈ, ਜਿਹੜੀ ਪੰਜ ਸਾਲ ਲਈ ਹੈ। ਵੱਖਰੇ ਧੜੇ ਨੇ ਸੰਵਿਧਾਨ ਮੁਤਾਬਕ ਭਰਤੀ ਵੀ ਨਹੀਂ ਕੀਤੀ ਜਿਸ ਮੁਤਾਬਕ ਹਰ ਮੈਂਬਰ ਲਈ 10 ਰੁਪਏ ਫੀਸ ਭਰਨੀ ਲਾਜ਼ਮੀ ਹੈ। ਇਸ ਲਈ ਉਨ੍ਹਾਂ ਨੂੰ ਆਪਣੀ ਪਾਰਟੀ ਦੀ ਬੈਠਕ ਨੂੰ ਅਕਾਲੀ ਦਲ ਦਾ ਇਜਲਾਸ ਕਹਿਣ ਦਾ ਕੋਈ ਅਧਿਕਾਰ ਨਹੀਂ। ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 100 ਫੀਸਦੀ ਡੈਲੀਗੇਟ ਪਾਰਟੀ ਦੇ ਨਾਲ ਹਨ ਤੇ ਇਕ ਵੀ ਮੈਂਬਰ ਵੱਖਰੇ ਗਰੁੱਪ ਨਾਲ ਨਹੀਂ ਹੈ ਜਦਕਿ ਇਹ ਧੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੀ ਦੁਰਵਰਤੋਂ ਕਰ ਰਿਹਾ ਹੈ। ਚੀਮਾ ਨੇ ਵੱਖਰੇ ਧੜੇ ਦੀ ਕਾਰਵਾਈ ਨੂੰ ਗ਼ੈਰ-ਕਾਨੂੰਨੀ, ਗ਼ੈਰ-ਸੰਵਿਧਾਨਕ ਤੇ ਗ਼ੈਰ ਇਖ਼ਲਾਕੀ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ’ਚ ਫ਼ੌਜਦਾਰੀ ਸ਼ਿਕਾਇਤ ਕਰਨ ਵਾਸਤੇ ਕਾਨੂੰਨੀ ਮਾਹਰਾਂ ਨਾਲ ਰਾਇ-ਮਸ਼ਵਰਾ ਕਰ ਰਿਹਾ ਹੈ।ਚੀਮਾ ਨੇ ਗਿਆਨੀ ਹਰਪ੍ਰੀਤ ਸਿੰਘ ’ਤੇ 2 ਦਸੰਬਰ 2024 ਨੂੰ ਜਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਗਾਇਆ ਜਿਸ ’ਚ ਕਿਹਾ ਗਿਆ ਸੀ ਕਿ ਵੱਖਰੇ ਸਮੂਹ ਨੂੰ ਆਪਣੀ ਦੁਕਾਨ ਬੰਦ ਕਰ ਦੇਣੀ ਚਾਹੀਦੀ ਹੈ ਤੇ ਪੰਥਕ ਹਿੱਤ ’ਚ ਸ਼੍ਰੋਮਣੀ ਅਕਾਲੀ ਦਲ ’ਚ ਰਲੇਵਾਂ ਕਰਨ ਲੈਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button