
ਅੰਮ੍ਰਿਤਸਰ, 13 ਅਗਸਤ : ਛੇਹਰਟਾ ਦੇ ਵਡਾਲੀ ਗੁਰੂ ਇਲਾਕੇ ਵਿਚ ਹੈਰੋਇਨ ਬਰਾਮਦ ਕਰਨ ਲਈ ਤਸਕਰ ਨਾਲ ਆਈ ਪੁਲਿਸ ਪਾਰਟੀ ’ਤੇ ਮੁਲਜ਼ਮ ਨੇ ਗੋਲੀ ਚਲਾ ਦਿੱਤੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਸਕ ਲੱਕੀ ਨੇ ਏਐੱਸਆਈ ਜੈਬੀਰ ਸਿੰਘ ਦੀ ਸਰਵਿਸ ਪਿਸਤੌਲ ਖੋਹ ਲਈ ਅਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿਚ ਪੁਲਿਸ ਨੇ ਮੁਲਜ਼ਮ ਦੀ ਖੱਬੀ ਲੱਤ ’ਤੇ ਗੋਲੀ ਮਾਰ ਦਿੱਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜ਼ਖਮੀ ਤਸਕਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੀਪੀ ਨੇ ਕਿਹਾ ਕਿ ਥਾਣਾ ਛੇਹਰਟਾ ਦੀ ਪੁਲਿਸ ਨੇ ਲੱਕੀ (19) ਵਾਸੀ ਭੱਲਾ ਕਾਲੋਨੀ ਤੇ ਨਿਰਮਲ ਸਿੰਘ ਉ zਰਫ਼ ਸੂਰਿਆ (22) ਵਾਸੀ ਕਾਲੇ ਪਿੰਡ ਗਲੀ ਗੋਬਰ ਵਾਲੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਤਿੰਨ ਕਿੱਲੋ 154 ਗ੍ਰਾਮ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਨਿਰਮਲ ਖ਼ਿਲਾਫ਼ ਥਾਣਾ ਛੇਹਰਟਾ ਵਿਚ ਸਾਲ 2023 ਵਿਚ ਲੁੱਟਖੋਹ ਅਤੇ ਸਾਲ 2024 ਵਿਚ ਚੋਰੀ ਦਾ ਮਾਮਲਾ ਦਰਜ ਹੈ। ਲੱਕੀ ਖ਼ਿਲਾਫ਼ ਮਕਬੂਲਪੁਰਾ ਥਾਣੇ ਵਿਚ ਅਸਲਾ ਐਕਟ ਦਾ ਮਾਮਲਾ ਦਰਜ ਹੈ। ਮੁਲਜ਼ਮ ਦਾ ਤੀਜਾ ਸਾਥੀ ਮਾਣਿਕ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁੱਛਗਿੱਛ ਦੌਰਾਨ ਲੱਕੀ ਨੇ ਮੰਨਿਆ ਕਿ ਉਸ ਨੇ ਵਡਾਲੀ ਗੁਰੂ ਵਿਚ ਹੈਰੋਇਨ ਦੀ ਖੇਪ ਲੁਕਾਈ ਸੀ। ਇਸ ਆਧਾਰ ’ਤੇ ਪੁਲਿਸ ਲੱਕੀ ਨੂੰ ਲੈ ਕੇ ਹੈਰੋਇਨ ਬਰਾਮਦ ਕਰਨ ਪਹੁੰਚੀ। ਜਿਵੇਂ ਹੀ ਲੱਕੀ ਨੂੰ ਉਸ ਦੇ ਦੱਸੇ ਗਏ ਟਿਕਾਣੇ ’ਤੇ ਲਿਜਾਇਆ ਗਿਆ ਅਤੇ ਪੁਲਿਸ ਗੱਡੀ ਵਿਚੋਂ ਬਾਹਰ ਕੱਢਿਆ ਗਿਆ, ਉਸ ਨੇ ਏਐੱਸਆਈ ਜੈਬੀਰ ਸਿੰਘ ਦਾ ਪਿਸਤੌਲ ਖੋਹ ਲਿਆ। ਉਸ ਨੇ ਤੁਰੰਤ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਪਾਰਟੀ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਮੌਕੇ ’ਤੇ ਮੌਜੂਦ ਏਐੱਸਆਈ ਲਖਵਿੰਦਰ ਪਾਲ ਸਿੰਘ ਨੇ ਲੱਕੀ ’ਤੇ ਆਪਣੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਤੇ ਉਸ ਨੂੰ ਜ਼ਖਮੀ ਕਰ ਦਿੱਤਾ। ਜਿਵੇਂ ਹੀ ਲੱਕੀ ਜ਼ਮੀਨ ’ਤੇ ਡਿੱਗਿਆ, ਉਸ ਨੂੰ ਘੇਰ ਲਿਆ ਗਿਆ। ਉਸ ਦੇ ਹੱਥ ਵਿਚੋਂ ਪਿਸਤੌਲ ਵੀ ਖੋਹ ਲਿਆ ਗਿਆ। ਸੀਪੀ ਨੇ ਦੱਸਿਆ ਕਿ ਲੱਕੀ 2024 ਵਿਚ ਦੁਬਈ ਗਿਆ ਸੀ। ਵਾਪਸ ਆਉਣ ਤੋਂ ਬਾਅਦ ਉਸ ਖ਼ਿਲਾਫ਼ ਥਾਣਾ ਮਕਬੂਲਪੁਰਾ ਵਿਚ ਇਕ ਪੀੜਤ ਦੀ ਲੱਤ ਵਿਚ ਗੋਲੀ ਮਾਰਨ ਸਮੇਤ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ।



