
ਨਵੀਂ ਦਿੱਲੀ, 29 ਅਪ੍ਰੈਲ-ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਨੂੰ ਰੋਕਣ ਨਾਲ ਪਾਕਿਸਤਾਨ ਨੂੰ ਭਾਰਤ ਨਾਲੋਂ ਵੱਧ ਨੁਕਸਾਨ ਹੋਵੇਗਾ। ਮਾਹਿਰਾਂ ਮੁਤਾਬਕ, ਪਾਕਿਸਤਾਨ ਨੇ ਇਹ ਮੂਰਖਤਾਪੂਰਕ ਕਦਮ ਉਠਾ ਕੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਵਾਈ ਯਾਤਰਾ ਬਾਜ਼ਾਰ ਭਾਰਤ ਤੋਂ ਮਿਲਣ ਵਾਲੀ ਓਵਰਫਲਾਈਟ ਫੀਸ ਗਵਾ ਦਿੱਤੀ ਹੈ। ਓਵਰਫਲਾਈਟ ਫੀਸ ਕਿਸੇ ਦੇਸ਼ ਦੇ ਹਵਾਈ ਖੇਤਰ ਨੂੰ ਪਾਰ ਕਰਨ ਵਾਲੇ ਜਹਾਜ਼ਾਂ ਤੋਂ ਲਈ ਜਾਂਦੀ ਹੈ। ਪਾਕਿਸਤਾਨ ਨੂੰ ਭਾਰਤ ਤੋਂ ਹਰ ਸਾਲ ਓਵਰਫਲਾਈਟ ਫੀਸ ਦੇ ਰੂਪ ‘ਚ ਲੱਖਾਂ ਡਾਲਰ ਮਿਲਦੇ ਹਨ। ਇਸ ਤੋਂ ਇਲਾਵਾ, ਭਾਰਤ ਤੋਂ ਪੱਛਮੀ ਦੇਸ਼ਾਂ ਵੱਲ ਜਾਣ ਵਾਲੀਆਂ ਜ਼ਿਆਦਾਤਰ ਉਡਾਣਾਂ ਭਾਰਤੀ ਏਅਰਲਾਈਨਜ਼ ਵੱਲੋਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਹੁਣ ਭਾਰਤੀ ਉਡਾਣਾਂ ਪਾਕਿਸਤਾਨ ਦੇ ਆਸਮਾਨ ਤੋਂ ਬਚ ਰਹੀਆਂ ਹਨ, ਜਿਸ ਨਾਲ ਪਾਕਿਸਤਾਨ ਓਵਰਫਲਾਈਟ ਆਮਦਨ ਦਾ ਵੱਡਾ ਹਿੱਸਾ ਗਵਾ ਦੇਵੇਗਾ।
2019 ਤੋਂ ਵੀ ਨਹੀਂ ਲਿਆ ਸਬਕ
ਇਹ ਪਹਿਲੀ ਵਾਰੀ ਨਹੀਂ ਹੋਇਆ। ਜੁਲਾਈ 2019 ‘ਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ, ਜਿਸ ਨਾਲ ਉਸਨੂੰ ਲਗਪਗ 10 ਕਰੋੜ ਡਾਲਰ ਦਾ ਨੁਕਸਾਨ ਹੋਇਆ ਸੀ। ਉਸ ਸਮੇਂ ਹਰ ਦਿਨ ਲਗਪਗ 400 ਉਡਾਣਾਂ ਪ੍ਰਭਾਵਿਤ ਹੋਈਆਂ ਜਿਸ ਨਾਲ ਪਾਕਿਸਤਾਨ ਦੇ ਨਾਗਰਿਕ ਹਵਾਬਾਜ਼ੀ ਅਥਾਰਟੀ ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਭਾਰੀ ਨੁਕਸਾਨ ਹੋਇਆ ਸੀ।
ਲੈਂਡਿੰਗ ਤੇ ਪਾਰਕਿੰਗ ਫੀਸ ਵਿਚ ਵੀ ਹੋਵੇਗਾ ਨੁਕਸਾਨ
ਅਧਿਕਾਰੀਆਂ ਨੇ ਅਨੁਮਾਨ ਲਗਾਇਆ ਸੀ ਕਿ 2019 ਵਿਚ ਪਾਕਿਸਤਾਨ ਨੂੰ ਸਿਰਫ ਓਵਰਫਲਾਈਟ ਫੀਸ ਤੋਂ ਹਰ ਦਿਨ ਲਗਪਗ 2,32,000 ਡਾਲਰ ਦਾ ਨੁਕਸਾਨ ਹੋ ਰਿਹਾ ਸੀ। ਜਦੋਂ ਲੈਂਡਿੰਗ ਅਤੇ ਪਾਰਕਿੰਗ ਵਰਗੀਆਂ ਹੋਰ ਫੀਸਾਂ ਜੋੜੀਆਂ ਗਈਆਂ ਤਾਂ ਰੋਜ਼ਾਨਾ ਨੁਕਸਾਨ ਲਗਪਗ ਤਿੰਨ ਲੱਖ ਡਾਲਰ ਹੋ ਗਿਆ ਸੀ।
ਇਸ ਤਰ੍ਹਾਂ ਤੈਅ ਹੁੰਦੀਆਂ ਹਨ ਦਰਾਂ
ਪਾਕਿਸਤਾਨ ਕਹਿੰਦਾ ਹੈ ਕਿ ਉਹ ਇਕ ਬੋਇੰਗ 737 ਲਈ ਲਗਪਗ 580 ਡਾਲਰ ਦਾ ਓਵਰਫਲਾਈਟ ਫੀਸ ਲੈਂਦਾ ਹੈ। ਇਹ ਭਾਰਤੀ ਏਅਰਲਾਈਨਜ਼ ਵੱਲੋਂ ਚਲਾਈਆਂ ਜਾਣ ਵਾਲੀਆਂ ਪ੍ਰਮੁੱਖ ਅੰਤਰਰਾਸ਼ਟਰੀ ਉਡਾਣਾਂ ‘ਚ ਸਭ ਤੋਂ ਛੋਟੀ ਮੰਨੀ ਜਾਂਦੀ ਹੈ। ਦਰਾਂ ਵੱਧ ਤੋਂ ਵੱਧ ਟੇਕ-ਆਫ ਵੇਟ ਅਤੇ ਉਡਾਣ ਦੀ ਦੂਰੀ ਦੇ ਆਧਾਰ ‘ਤੇ ਬਦਲਦੀਆਂ ਹਨ ਤੇ ਵੱਡੇ ਜਹਾਜ਼ਾਂ ਨੂੰ ਵੱਧ ਫੀਸ ਦੇਣੀ ਪੈਂਦੀ ਹੈ। ਭਾਰਤੀ ਏਅਰਲਾਈਨਜ਼ ‘ਤੇ ਹਾਲ ਹੀ ‘ਚ ਲੱਗੀ ਰੋਕ ਨਾਲ ਇਸ ਨਾਲ ਰੋਜ਼ਾਨਾ ਘੱਟੋ-ਘੱਟ 58,000 ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਭਾਰਤ ਕਈ ਵੱਡੇ ਜਹਾਜ਼ ਵੀ ਚਲਾਉਂਦਾ ਹੈ, ਜਿਸ ਵਿਚ ਬੋਇੰਗ 777 ਵੀ ਸ਼ਾਮਲ ਹੈ। ਇਸ ਦਾ ਵੱਧ ਤੋਂ ਵੱਧ ਟੇਕ-ਆਫ ਵੇਟ ਬੋਇੰਗ 737 ਤੋਂ ਲਗਪਗ 3 ਗੁਣਾ ਹੈ। ਜਹਾਜ਼ ਦੇ ਭਾਰ ਮੁਤਾਬਕ ਓਵਰਫਲਾਈਟ ਫੀਸ 1,700 ਡਾਲਰ ਤੱਕ ਹੋ ਸਕਦੀ ਹੈ।



