
ਸੁਲਤਾਨਪੁਰ ਲੋਧੀ, 16 ਜੁਲਾਈ : ਪਵਿੱਤਰ ਕਾਲੀ ਵੇਈਂ ਦੀ 25ਵੀਂ ਵਰੇਗੰਡ ਮੌਕੇ ਨਿਰਮਲ ਕੁਟੀਆ, ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੁੱਜੇ। ਮੁੱਖ ਮੰਤਰੀ ਪੰਜਾਬ ਦਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਸੇਵਾਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕਰਵਾਈ ਗਈ ਕਾਰ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਤ ਸੀਚੇਵਾਲ ਅਤੇ ਉਨ੍ਹਾਂ ਦੇ ਸਮੂਹ ਸੇਵਾਦਾਰ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਪ੍ਰਦੂਸ਼ਿਤ ਹੋ ਰਹੀ ਕਾਲੀ ਵੇਈਂ ਦੀ ਸਫਾਈ ਕਰਕੇ ਇੱਕ ਮਿਸਾਲ ਪੈਦਾ ਕੀਤੀ ਹੈ ਅਤੇ ਹੁਣ ਬੁੱਢੇ ਦਰਿਆ ਦੀ ਸਫਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਇਕ ਅਜਿਹੀ ਸ਼ਖਸ਼ੀਅਤ ਹਨ ਜਿਨਾਂ ਨੇ ਧਰਤੀ, ਹਵਾ ਅਤੇ ਪਾਣੀ ਨੂੰ ਬਚਾਉਣ ਲਈ ਖੁਦ ਨੂੰ ਸਮਰਪਿਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਦੋਂ ਵੀ ਅਤੇ ਜਿੱਥੇ ਵੀ ਮੌਕਾ ਮਿਲੇ,ਰਲ ਮਿਲ ਕੇ ਪਾਣੀ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹੱਕ ਦਾ ਪਾਣੀ ਕਿਸੇ ਨੂੰ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਬੀਤੇ ਦਿਨ ਹੀ ਅਸੀਂ ਬੇਅਦਬੀਆਂ ਦੇ ਸੰਬੰਧ ਵਿੱਚ ਵਿਧਾਨ ਸਭਾ ਵਿਚ ਕਾਨੂੰਨ ਪੇਸ਼ ਕੀਤਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਜਿਸ ਗੁਰੂ ਮਹਾਰਾਜ ਕੋਲੋਂ ਅਸੀਂ ਸੁਰੱਖਿਆ ਮੰਗਦੇ ਹਾਂ ਉਸ ਦੀ ਸੁਰੱਖਿਆ ਲਈ ਹੀ ਸਾਨੂੰ ਕਾਨੂੰਨ ਬਣਾਉਣਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਤਾਕਤ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿੱਚ ਹੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਵਨ ਨਗਰੀ ਪੁੱਜ ਕੇ ਚਾਰੇ ਪਾਸੇ ਹਰਿਆਲੀ ਵੇਖ ਕੇ ਮਨ ਨੂੰ ਇੱਕ ਬੜਾ ਸਕੂਨ ਮਿਲਿਆ ਹੈ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਹੀ ਬਦੌਲਤ ਹੈ ਜਿਨਾਂ ਨੇ ਆਪਣੀ ਟੀਮ ਨੂੰ ਲੈ ਕੇ ਪਵਿੱਤਰ ਕਾਲੀ ਵੇਈਂ ਦੇ ਕੰਢਿਆਂ ਨੂੰ ਸ਼ਿੰਗਾਰਿਆ ਹੈ। ਅੰਤ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਪਿਛਲੇ 75 ਸਾਲ ਤੋਂ ਵਿਗੜਿਆ ਹੋਇਆ ਸਿਸਟਮ ਹਰ ਹਾਲਤ ਵਿੱਚ ਠੀਕ ਕੀਤਾ ਜਾਵੇਗਾ ਪਰੰਤੂ ਥੋੜਾ ਸਮਾਂ ਲੱਗੇਗਾ। ਇਸ ਤੋਂ ਪਹਿਲਾਂ ਉਨ੍ਹਾਂ ਪਵਿੱਤਰ ਵੇਈਂ ਕਿਨਾਰੇ ਵਾਟਰ ਸਪੋਰਟਸ ਜ਼ਿਮ ਦਾ ਉਦਘਾਟਨ ਕੀਤਾ ਤੇ ਪੌਦਾ ਵੀ ਲਗਾਇਆ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹੋਰ ਪਤਵੰਤਿਆਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਆਪਣੇ ਸਵਾਗਤੀ ਭਾਸ਼ਣ ਵਿੱਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹਿੱਤਾਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨਾਂ ਇਹ ਵੀ ਕਿਹਾ ਕਿ ਬੁੱਢਾ ਦਰਿਆ ਤੋਂ ਬਾਅਦ ਘੱਗਰ ਦਰਿਆ ਤੇ ਹੋਰ ਵੀ ਨਦੀਆਂ ਦਰਿਆਵਾਂ ਦੀ ਸਫਾਈ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ, ਕੰਵਰ ਇਮਤਿਆਜ਼ ਸਿੰਘ, ਗੁਰਦੁਆਰਾ ਬੇਬੇ ਨਾਨਕੀ ਦੇ ਮੈਨੇਜਰ ਗੁਰਦਿਆਲ ਸਿੰਘ ਯੂ.ਕੇ., ਅਡੀਸ਼ਨਲ ਮੈਨੇਜਰ ਜਸਵੰਤ ਸਿੰਘ ਨੰਢਾ, ਬਾਬਾ ਬਲਵਿੰਦਰ ਸਿੰਘ ਰੱਬ ਜੀ, ਸੁਰਜੀਤ ਸਿੰਘ ਸ਼ੰਟੀ, ਅਮਰਜੀਤ ਸਿੰਘ ਸ਼ਾਲਾਪੁਰ ਬੇਟ, ਸ਼ਾਹੀ ਇਮਾਮ ਲੁਧਿਆਣਾ, ਸਰਪੰਚ ਮੇਜਰ ਸਿੰਘ ਜੈਨਪੁਰ, ਸਰਪੰਚ ਜੋਗਿੰਦਰ ਸਿੰਘ ਸ਼ਾਹਵਾਲਾ, ਜਤਿੰਦਰਜੀਤ ਸਿੰਘ ਜੱਜੀ ਨੰਬਰਦਾਰ, ਸੋਨੂੰ ਰਾਮੇ ਸੀਨੀਅਰ ਆਪ ਆਗੂ, ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ , ਸੁਖਦੇਵ ਸਿੰਘ ਟਿੱਬਾ ਸਤਨਾਮ ਪਾਲ ਸਿੰਘ, ਜੋਗਿੰਦਰ ਸਿੰਘ ਸਰਪੰਚ ਸਾਹਵਾਲਾ ਆਦਿ ਵੀ ਹਾਜ਼ਰ ਸਨ।



