
ਬਾਘਾਪੁਰਾਣਾ, 16 ਜੁਲਾਈ : ਬਾਘਾਪੁਰਾਣਾ ਬੀਤੀ ਰਾਤ ਮੋਗਾ ਰੋਡ ਤੇ ਸਥਿਤ ਇਕ ਕਲੋਨੀ ਵਿਚ ਬਰਸਾਤ ਕਾਰਨ ਘਰ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਉਕਤ ਵਿਅਕਤੀ ਆਪਣੀ ਪਤਨੀ ਅਤੇ ਚਾਰ ਬੱਚਿਆਂ ਨੂੰ ਛੱਡ ਗਿਆ ਹੈ। ਪੁਲਿਸ ਨੇ ਉਕਤ ਸਥਾਨ ਦਾ ਮੁਆਇਨਾ ਕਰਨ ਤੋਂ ਬਾਅਦ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕ ਸੋਮਨਾਥ ਦੇ ਪੁੱਤਰ ਅਨੀਕੇਤ ਉਮਰ 45 ਸਾਲ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ। ਦੇਰ ਰਾਤ ਉਹ ਆਪਣੀ ਮਾਂ ਅਤੇ ਦੋ ਭੈਣਾਂ ਨਾਲ ਅੰਦਰਲੇ ਕਮਰੇ ਵਿਚ ਸੌਂ ਰਿਹਾ ਸੀ, ਜਦੋਂ ਕਿ ਉਸਦਾ ਪਿਤਾ ਸੋਮਨਾਥ ਘਰ ਦੇ ਕਮਰੇ ਦੇ ਨਾਲ ਵਾਲੀ ਲਾਬੀ ਵਿਚ ਸੌਂ ਰਿਹਾ ਸੀ। ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਕਾਰਨ ਉਨ੍ਹਾਂ ਦੇ ਘਰ ਦੀ ਕੰਧ ਨਾਲ ਲੱਗਦੇ ਖੇਤ ਵਿਚ ਡਿੱਗ ਗਈ। ਜਿਸ ਕਾਰਨ ਉਸਦੇ ਪਿਤਾ ਵੀ ਉਸੇ ਮਲਬੇ ਵਿਚ ਦੱਬ ਗਏ। ਘਟਨਾ ਦਾ ਪਤਾ ਲੱਗਦੇ ਹੀ ਉਸਨੇ ਆਪਣੇ 30 ਫੁੱਟ ਡੂੰਘੇ ਖੇਤ ਵਿਚ ਛਾਲ ਮਾਰ ਦਿੱਤੀ ਅਤੇ 10 ਮਿੰਟਾਂ ਵਿਚ ਆਪਣੇ ਪਿਤਾ ਨੂੰ ਮਲਬੇ ਹੇਠੋਂ ਬਾਹਰ ਕੱਢਿਆ, ਪਰ ਉਦੋਂ ਤੱਕ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਘਟਨਾ ਦਾ ਪਤਾ ਲੱਗਦੇ ਹੀ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ।



