
ਗੁਰਦਾਸਪੁਰ, 17 ਜਨਵਰੀ– ਪੁਲਸੀਏ ਸਾਂਢੂ ਵੱਲੋਂ ਪਤਨੀ ਨੂੰ ਵਰਗਲਾ ਕੇ ਲੈ ਜਾਣ ਮਗਰੋਂ ਪਰੇਸ਼ਾਨ ਪਤੀ ਵੱਲੋਂ ਜਹਿਰੀਲੀ ਦਵਾਈ ਪੀ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੇ ਮਾਮਲੇ ਵਿੱਚ ਦੀਨਾਨਗਰ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ, ਸਾਂਢੂ ਅਤੇ ਦੋ ਹੋਰਨਾਂ ਖਿਲਾਫ ਸੰਗੀਨ ਧਾਰਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਨੌਜਵਾਨ ਸੁਰਿੰਦਰ ਸਿੰਘ (40) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਬੱਸੀ ਭਲਾਰਪੁਰ ਜਿਲ੍ਹਾ ਪਠਾਨਕੋਟ ਵੱਲੋਂ ਅਪਣੀ ਮੌਤ ਤੋਂ ਪਹਿਲਾਂ ਇਕ ਵੀਡਿਓ ਰਾਹੀਂ ਵੀ ਅਪਣੀ ਮੌਤ ਸਬੰਧੀ ਸਾਰੀ ਕਹਾਣੀ ਬਿਆਨ ਕੀਤੀ ਗਈ ਹੈ ਜਿਸ ਵਿੱਚ ਉਸ ਵੱਲੋਂ ਕਾਰਵਾਈ ਚ ਢਿੱਲਮੱਠ ਵਰਤਣ ਲਈ ਦੀਨਾਨਗਰ ਪੁਲਿਸ ਨੂੰ ਵੀ ਕਟਿਹਰੇ ਵਿੱਚ ਖੜਾ ਕੀਤਾ ਗਿਆ ਹੈ। ਦੀਨਾਨਗਰ ਥਾਣੇ ਅੰਦਰ ਮਿਤੀ 14 ਜਨਵਰੀ 2024 ਨੂੰ ਦਰਜ ਐਫਆਈਆਰ ਨੰਬਰ 12 ਅਨੁਸਾਰ ਜਹਿਰੀਲੀ ਦਵਾਈ ਖਾਣ ਮਗਰੋਂ ਅਤੇ ਅਪਣੀ ਮੌਤ ਤੋਂ ਪਹਿਲਾਂ ਇਕ ਨਿਜੀ ਹਸਪਤਾਲ ਵਿੱਚ ਦੀਨਾਨਗਰ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੁਰਿੰਦਰ ਸਿੰਘ ਨੇ ਅਪਣੀ ਮੌਤ ਲਈ ਅਪਣੀ ਪਤਨੀ ਰਾਜਬੀਰ ਕੌਰ, ਸਾਂਢੂ ਤਰਨਜੀਤ ਸਿੰਘ, ਸਾਂਢੂ ਦੇ ਭਰਾ ਹਰਿਦੰਰ ਸਿੰਘ ਅਤੇ ਗੁਰਤਾਜ ਸਿੰਘ ਨੂੰ ਜਿੰਮੇਵਾਰ ਦੱਸਿਆ ਹੈ। ਸੁਰਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਲੰਘੀ 7 ਜਨਵਰੀ ਨੂੰ ਉਹ ਅਪਣੀ ਪਤਨੀ ਰਾਜਬੀਰ ਕੌਰ ਨੂੰ ਉਸਦੇ ਪੇਕੇ ਪਿੰਡ ਮੋਖੇ ਜਾਣ ਲਈ ਅੱਡਾ ਬਰਿਆਰ ਵਿਖੇ ਛੱਡ ਕੇ ਆਇਆ ਪਰ ਉਸਦੀ ਪਤਨੀ ਅਪਣੇ ਪੇਕੇ ਘਰ ਨਹੀਂ ਪੁੱਜੀ। ਜਿਸ ਮਗਰੋਂ ਉਸਨੇ 7 ਜਨਵਰੀ ਨੂੰ ਹੀ ਦੀਨਾਨਗਰ ਥਾਣੇ ਅੰਦਰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਦੂਜੇ ਦਿਨ ਉਹ ਅਪਣੀ ਪਤਨੀ ਨੂੰ ਲੱਭਦਾ ਹੋਇਆ ਗੁਰਦਾਸਪੁਰ ਸਦਰ ਥਾਣੇ ਦੇ ਪਿੰਡ ਚੱਕ ਅਰਾਈਆਂ ਵਿਖੇ ਅਪਣੇ ਸਾਂਢੂ ਤਰਨਜੀਤ ਸਿੰਘ, ਜੋ ਕਿ ਪੰਜਾਬ ਪੁਲਿਸ ਦਾ ਮੁਲਾਜਮ ਹੈ ਅਤੇ ਇਸ ਵੇਲੇ ਜੀਆਰਪੀ ਚ ਪਠਾਨਕੋਟ ਵਿਖੇ ਤੈਨਾਤ ਹੈ, ਦੇ ਘਰ ਪੁੱਜਾ। ਪਰ ਉਸਦੇ ਸਾਂਢੂ ਅਤੇ ਉਸਦੇ ਪਰਿਵਾਰ ਦੇ ਲੋਕਾਂ ਵੱਲੋਂ ਉਸਦੀ ਪਤਨੀ ਬਾਰੇ ਕੁਝ ਸਪਸ਼ਟ ਦੱਸਣ ਦੀ ਬਜਾਏ ਉਸਦੀ ਪਤਨੀ ਨਾਲ ਮਿਲ ਕੇ ਉਸਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਗਿਆ। ਸੁਰਿੰਦਰ ਸਿੰਘ ਨੇ ਇਹ ਵੀ ਦੋਸ਼ ਲਾਏ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਉਸ ਵੱਲੋਂ ਇਨਸਾਫ ਲੈਣ ਲਈ ਪੁਲਿਸ ਕੋਲ ਵੀ ਪਹੁੰਚ ਕੀਤੀ ਗਈ ਪਰ ਪੁਲਿਸ ਨੇ ਉਸਦਾ ਕੋਈ ਸਾਥ ਨਹੀਂ ਦਿੱਤਾ ਅਤੇ ਉਹ ਸਾਰੇ ਘਟਨਾਕ੍ਰਮ ਤੋਂ ਇੰਨਾ ਜਿਆਦਾ ਪਰੇਸ਼ਾਨ ਹੋ ਗਿਆ ਕਿ ਉਸਨੇ 13 ਜਨਵਰੀ ਨੂੰ ਦੀਨਾਨਗਰ ਸ਼ਹਿਰ ਨੇੜਲੇ ਇਕ ਅੱਡੇ ਤੋਂ ਸਲਫਾਸ ਖਰੀਦੀ ਅਤੇ ਖਾ ਲਈ ਹੈ। ਜਿਸ ਮਗਰੋਂ 14 ਜਨਵਰੀ ਨੂੰ ਸਵੇਰੇ ਹਸਪਤਾਲ ਦੇ ਅੰਦਰ ਇਲਾਜ ਦੌਰਾਨ ਸੁਰਿੰਦਰ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਸਾਰੇ ਮਾਮਲੇ ਦੇ ਸਬੰਧ ਵਿੱਚ ਮ੍ਰਿਤਕ ਦੀ ਪਤਨੀ ਰਾਜਬੀਰ ਕੌਰ, ਸਾਂਢੂ ਤਰਨਜੀਤ ਸਿੰਘ ਪੁੱਤਰ ਦਲਬੀਰ ਸਿੰਘ, ਸਾਂਢੂ ਦੇ ਭਰਾ ਹਰਿੰਦਰ ਸਿੰਘ ਅਤੇ ਇਕ ਹੋਰ ਗੁਰਤਾਜ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੇ ਤਫਤੀਸ਼ੀ ਅਫਸਰ ਏਐਸਆਈ ਬਲਾਕਰ ਸਿੰਘ ਨੇ ਪੁਲਿਸ ਨੇ ਮ੍ਰਿਤਕ ਦੇ ਬਿਆਨਾਂ ਦੇ ਅਧਾਰ ਤੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ।
ਮ੍ਰਿਤਕ ਦੇ ਸਾਲੇ ਵੱਲੋਂ ਵੀ ਗੰਭੀਰ ਦੋਸ਼
ਮ੍ਰਿਤਕ ਦੇ ਸਾਲੇ ਹਰਪ੍ਰੀਤ ਸਿੰਘ ਵਾਸੀ ਮੋਖੇ ਨੇ ਵੀ ਕਥਿਤ ਦੋਸ਼ੀਆਂ ਉਪੱਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਸਦੀ ਵੱਡੀ ਭੈਣ ਜੋ ਕਿ ਕਥਿਤ ਦੋਸ਼ੀ ਤਰਨਜੀਤ ਸਿੰਘ ਦੀ ਪਤਨੀ ਸੀ, ਦੀ ਕਰੀਬ ਛੇ ਮਹੀਨੇ ਪਹਿਲਾਂ ਹੀ ਮੌਤ ਹੋਈ ਹੈ ਅਤੇ ਉਸਦੀ ਮੌਤ ਲਈ ਵੀ ਤਰਨਜੀਤ ਸਿੰਘ ਹੀ ਜਿੰਮੇਵਾਰ ਹੈ। ਅੱਜ ਵੀ ਤਰਨਜੀਤ ਸਿੰਘ ਦੀਆਂ ਭੈੜੀਆਂ ਕਰਤੂਤਾਂ ਕਾਰਨ ਇਕ ਹੋਰ ਵਿਅਕਤੀ ਨੂੰ ਮੌਤ ਤੇ ਮੂਹੰ ਵਿੱਚ ਜਾਣਾ ਪਿਆ ਹੈ। ਉਸਨੇ ਦੱਸਿਆ ਕਿ ਤਰਨਜੀਤ ਸਿੰਘ ਨੂੰ ਪੁਲਿਸ ਮੁਲਾਜਮ ਹੋਣ ਦਾ ਘੁੰਮਡ ਹੈ ਅਤੇ ਅਕਸਰ ਹੀ ਕਹਿੰਦਾ ਹੈ ਕਿ ਮੈਨੂੰ ਕਿਸੇ ਦੀ ਕੋਈ ਪ੍ਰਵਾਹ ਨਹੀੰ। ਇਸ ਲਈ ਪੁਲਿਸ ਵੱਲੋਂ ਤਨਰਜੀਤ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।



