ਘਰੋਂ ਦੁੱਧ ਲੈਣ ਗਏ ਵਿਅਕਤੀ ਦੇ ਸਿਰ ‘ਚ ਇੱਟ ਮਾਰ ਕੇ ਉਤਾਰਿਆ ਮੌਤ ਦੀ ਘਾਟ
ਘਰ ’ਚ ਇਕੱਲਾ ਕਮਾਉਣ ਵਾਲਾ ਸੀ ਨਿਰਮਲ

ਮੋਗਾ, 12 ਜੂਨ : ਕਸਬਾ ਧਰਮਕੋਟ ਵਿਖੇ 10 ਜੂਨ ਦੀ ਰਾਤ ਨੂੰ ਆਪਣੇ ਘਰੋ ਦੁੱਧ ਲੈ ਗਏ ਵਿਅਕਤੀ ਦੇ ਸਿਰ ਤੇ ਇੱਟ ਮਾਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨ ਤੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਰਮਕੋਟ ਪੁਲਿਸ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੁਹੱਲਾ ਭਾਈ ਕਾ ਖੂਹ ਧਰਮਕੋਟ ਵੱਲੋ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਸ ਦਾ ਭਰਾ ਨਿਰਮਲ ਸਿੰਘ 35 ਸਾਲ ਜੋਕਿ ਮਿਹਨਤ ਮਜਦੂਰੀ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦਾ ਸੀ। ਉਸ ਨੇ ਕਿਹਾ ਕਿ 10 ਜੂਨ ਦੀ ਰਾਤ ਨੂੰ ਉਸ ਦਾ ਭਰਾ ਨਿਰਮਲ ਸਿੰਘ ਜੋਕਿ ਘਰੋ ਦੁੱਧ ਲੈਣ ਲਈ ਗਿਆ ਸੀ ਤਾਂ ਰਾਸਤੇ ’ਚ ਅਚਾਨਕ ਉਸ ਦਾ ਮੋਢਾ ਗੋਬਿੰਦਾ ਸਿੰਘ ਨਾਲ ਵੱਜ ਗਿਆ ਸੀ ਤਾਂ ਗੋਬਿੰਦਾ ਸਿੰਘ ਉਸ ਦੇ ਭਰਾ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਗੁੱਸੇ ’ਚ ਆਕੇ ਗੋਬਿੰਦਾ ਸਿੰਘ ਉਸ ਦੇ ਭਰਾ ਨਿਰਮਲ ਸਿੰਘ ਦੇ ਸਿਰ ’ਚ ਇੱਟ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ। ਉਸ ਦੇ ਭਰਾ ਨੂੰ ਇਲਾਜ ਲਈ ਕੋਟ ਈਸੇ ਖਾਂ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਤੇ ਉੱਥੋ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਹਾਲਤ ’ਚ ਸੁਧਾਰ ਨਾ ਆਉਣ ਤੇ ਉਸ ਨੂੰ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ 11 ਜੂਨ ਨੂੰ ਉਸ ਦੇ ਭਰਾ ਨਿਰਮਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੂੰ ਮੌਤ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨਿਰਮਲ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਦੇ ਬਿਆਨ ਲੈਕੇ ਅਰੋਪੀ ਗੋਬਿੰਦਾ ਸਿੰਘ ਵਾਸੀ ਮੁਹੱਲਾ ਭਾਈ ਕਾ ਖੂਹ ਦੇ ਖਿਲਾਫ਼ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈਕੇ ਪੋਸਟਮਾਰਟਮ ਕਰਾਉਣ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਮੌਰਚੀ ਰੂਮ ਵਿਚ ਰਖਵਾ ਦਿੱਤੀ ਹੈ। ਮੋਗਾ ਦੇ ਸਿਵਲ ਹਸਪਤਾਲ ’ਚ ਮ੍ਰਿਤਕ ਨਿਰਮਲ ਸਿੰਘ ਦੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸ਼ਾਦੀਸ਼ੂਦਾ ਸੀ ਤੇ ਉਹ ਚਾਰ ਲੜਕੀਆਂ ਪਿਤਾ ਸੀ ਤੇ ਘਰ ’ਚ ਉਹ ਮਿਹਨਤ ਮਜਦੂਰੀ ਦਾ ਕੰਮ ਕਰਨ ਦੇ ਨਾਲ ਘਰ ਇਕੱਲਾ ਹੀ ਕਮਾਉਣ ਵਾਲਾ ਸੀ।



