
ਬਨੂੜ, 19 ਅਗਸਤ : ਜ਼ਿਲ੍ਹਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪਿੰਡ ਉੜਦਨ ਦੇ ਨੌਜਵਾਨ ਤਰਸੇਮ ਸਿੰਘ ਦੇ ਕਾਤਲ ਵਿੱਚ ਲੋੜੀਂਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਟੈਂਟਾ ਨੂੰ ਪੁਲਿਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ, ਕਿ ਗੁਰਪ੍ਰੀਤ ਸਿੰਘ ਟੈਂਟਾ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗਿਆਨ ਸਾਗਰ ਨੇੜੇ ਜਾਂਸਲਾ-ਜਾਂਸਲੀ ਲਿੰਕ ਸੜਕ ‘ਤੇ ਜਾ ਰਿਹਾ ਹੈ ਜਿਸ ਨੂੰ ਫੜਨ ਲਈ ਐਸਪੀ (ਡੀ) ਗੁਰਬੰਸ ਸਿੰਘ ਬੈਂਸ, ਡੀਐੱਸਪੀ ਰਾਜਪੁਰਾ, ਮਨਜੀਤ ਸਿੰਘ, ਸੀਆਈਏ ਇੰਚਾਰਜ (ਪਟਿਆਲਾ) ਪਰਦੀਪ ਬਾਜਵਾ ਤੇ ਐੱਸਐੱਚਓ ਬਨੂੜ ਅਰਸ਼ਦੀਪ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਉਸ ਦਾ ਪਿੱਛਾ ਕੀਤਾ। ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਉਨ੍ਹਾਂ ‘ਤੇ ਤਿੰਨ-ਚਾਰ ਫਾਇਰ ਕੀਤੇ ਤੇ ਮੋਟਰਸਾਈਕਲ ਸੁੱਟ ਕੇ ਚਰ੍ਹੀ ਦੇ ਖੇਤਾਂ ਵਿੱਚੋਂ ਭੱਜਣ ਲੱਗਾ। ਪੁਲਿਸ ਨੇ ਉਸ ਉੱਤੇ ਜਵਾਬੀ ਫਾਇਰ ਕੀਤਾ ਜੋ ਉਸ ਦੀ ਲੱਤ ‘ਤੇ ਲੱਗਾ ਤੇ ਉਹ ਖੇਤ ਵਿੱਚ ਡਿੱਗ ਗਿਆ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ 20 ਜੁਲਾਈ ਨੂੰ ਉੜਦਨ ਪਿੰਡ ਦੇ ਤਰਸੇਮ ਸਿੰਘ (30 ਸਾਲ) ਪੁੱਤਰ ਮਾਮਰਾਜ ਦਾ ਕਤਲ ਹੋ ਗਿਆ ਸੀ ਜਿਸ ਵਿੱਚ ਚਾਰ ਨੌਜਵਾਨ ਨਾਮਜ਼ਦ ਕੀਤੇ ਗਏ ਸਨ ਜਿਨਾਂ ਵਿੱਚ ਸੁਰਭੀ ਉਰਫ ਸੁਭੀ ਤੇ ਜਸਪਾਲ ਸਿੰਘ ਟੋਨੀ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ, ਜਦਕਿ ਗੁਰਪ੍ਰੀਤ ਟੈਂਟਾ ਤੇ ਕਰਨ ਨੇਪਾਲੀ ਭਗੌੜੇ ਸਨ। ਉਨਾਂ ਦੱਸਿਆ ਕਿ ਗੁਰਪ੍ਰੀਤ ਟੈਂਟਾ ਦੇ ਬਾਹਰ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਸਬੰਧ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਉੱਤੇ ਵੱਖ-ਵੱਖ ਥਾਣਿਆਂ ਵਿੱਚ ਡਕੈਤੀ ਤੇ ਕਾਤਲ ਦੇ ਮਾਮਲੇ ਦਰਜ ਹਨ। ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ 315 ਬੋਰ ਦਾ ਇੱਕ ਦੇਸੀ ਪਿਸਤੋਲ ਤੇ ਚੋਰੀ ਦਾ ਮੋਟਰਸਾਇਕਲ ਬਰਾਮਦ ਹੋਇਆ ਹੈ। ਉਸ ਨੂੰ ਇਲਾਜ ਲਈ ਏਪੀ ਜੈਨ ਹਸਪਤਾਲ ਰਾਜਪੁਰਾ ਵਿਖੇ ਭਰਤੀ ਕਰਾਇਆ ਗਿਆ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਂਗ ਦੀ ਕਾਰਵਾਈ ਵਿੱਚ ਸ਼ਾਮਲ ਗੈਂਗਸਟਰ ਪੁਲਿਸ ਦੀ ਰਡਾਰ ਤੇ ਹਨ ਤੇ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਚੋਥੇ ਮੁਲਜਮ ਕਰਨ ਨੇਪਾਲੀ ਦੀ ਪੁਲਿਸ ਭਾਲ ਵਿੱਚ ਲੱਗੀ ਹੋਈ ਹੈ ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।



