National

ਨਾਜਾਇਜ਼ ਸਿਮ ਕਾਰਡ ਵਿਕਰੀ ’ਚ ਏਅਰਟੈੱਲ ਦੇ ਅਧਿਕਾਰੀ ਸਣੇ ਤਿੰਨ ਸੀਬੀਆਈ ਦੇ ਹੱਥੇ ਚੜ੍ਹੇ

ਨਵੀਂ ਦਿੱਲੀ, 29 ਅਗਸਤ : ਸੀਬੀਆਈ ਨੇ ਨਾਜਾਇਜ਼ ਤਰੀਕੇ ਨਾਲ ਸਿਮ ਕਾਰਡ ਵੇਚਣ ਦੇ ਦੋਸ਼ ’ਚ ਏਅਰਟੈੱਲ ਦੇ ਟੈਰੀਟਰੀ ਸੇਲਜ਼ ਮੈਨੇਜਰ (ਟੀਐੱਸਐੱਮ) ਸਣੇ ਤਿੰਨ ਲੋਕਾਂ ਨੂੰ ਅਸਾਮ ਦੇ ਸਿਲਚਰ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਇਨ੍ਹਾਂ ਸਿਮ ਕਾਰਡਾਂ ਦੀ ਦੁਰਵਰਤੋਂ ਡਿਜੀਟਲ ਅਰੈਸਟ ਵਰਗੀਆਂ ਧੋਖਾਧੜੀਆਂ ਵਿਚ ਕੀਤੀ ਗਈ। ਸੀਬੀਆਈ ਨੇ ਅਸਾਮ ਦੇ ਕਛਾਰ ਜ਼ਿਲ੍ਹੇ ਵਿਚ ਪੰਜ ਥਾਵਾਂ ’ਤੇ ਛਾਪੇ ਮਾਰੇ ਅਤੇ ਟੀਐੱਸਐੱਮ ਦੇਬਾਸੀਸ਼ ਡੋਲੇ, ਵਿਚੌਲੀਏ ਮਾਹਿਮ ਉੱਦੀਨ ਬਰਭੁਈਆ ਅਤੇ ਅਸੀਮ ਪੁਰਕਾਇਥ ਨੂੰ ਗ੍ਰਿਫ਼ਤਾਰ ਕੀਤਾ। ਏਅਰਟੈੱਲ ਵੱਲੋਂ ਇਸ ਮਾਮਲੇ ’ਚ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਡਿਜੀਟਲ ਅਰੈਸਟ ਦੇ ਵਧਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਏਜੰਸੀ ਨੇ ਇਸ ਸਾਲ ਮਈ ਵਿਚ ਛਾਪੇ ਮਾਰੇ ਸਨ ਜਿਸ ਵਿਚ 39 ਪੁਆਇੰਟ ਆਫ ਸੇਲਜ਼ (ਪੀਓਐੱਸ) ਆਪ੍ਰੇਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ’ਤੇ ਦੱਖਣੀ-ਪੂਰਬੀ ਏਸ਼ੀਆ ਦੇ ਸਾਈਬਰ ਅਪਰਾਧੀਆਂ ਨੂੰ 1100 ਤੋਂ ਵੱਧ ਘੋਸਟ ਸਿਮ ਕਾਰਡ ਵੇਚਣ ਦਾ ਦੋਸ਼ ਹੈ ਜਿਸ ਨਾਲ ਭਾਰਤੀਆਂ ਨੂੰ ਆਪਣੇ ਨੈੱਟਵਰਕ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਜਾਂਚ ਦੌਰਾਨ ਸੀਬੀਆਈ ਨੂੰ ਪਤਾ ਲੱਗਾ ਕਿ ਡੋਲੇ ਨੇ ਵਿਚੌਲੀਏ ਬਰਭੁਈਆ ਅਤੇ ਪੁਰਕਾਇਥ ਨਾਲ ਮਿਲ ਕੇ ਨਾਜਾਇਜ਼ ਤਰੀਕੇ ਨਾਲ ਸਿਮ ਕਾਰਡ ਜਾਰੀ ਕੀਤੇ। ਇਹ ਸਿਮ ਕਾਰਡ ਉਨ੍ਹਾਂ ਲੋਕਾਂ ਦੇ ਨਾਂ ’ਤੇ ਅਤੇ ਉਨ੍ਹਾਂ ਦੀ ਜਾਣਕਾਰੀ ਦੇ ਬਗੈਰ ਜਾਰੀ ਕੀਤੇ ਗਏ ਜਿਨ੍ਹਾਂ ਨੂੰ ਪਹਿਲਾਂ ਹੀ ਅਧਿਕਾਰਤ ਤੌਰ ’ਤੇ ਸਿਮ ਕਾਰਡ ਜਾਰੀ ਕੀਤੇ ਗਏ ਸਨ।

Related Articles

Leave a Reply

Your email address will not be published. Required fields are marked *

Back to top button