
ਪਟਿਆਲਾ, 7 ਜੂਨ : ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਪੁਲਿਸ ਨੇ ਨਸ਼ੀਲੇ ਪਦਾਰਥ ਬਰਾਮਦ ਕਰਦੇ ਹੋਏ ਦਸ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਪਸਿਆਣਾ ਥਾਣਾ ਪੁਲਿਸ ਨੇ ਭੱਜੋ ਕੌਰ ਵਾਸੀ ਪਿੰਡ ਚੂਹੜਪੁਰ ਨੂੰ ਪਿੰਡ ਮੈਣ ਕੋਲੋਂ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਪੰਜ ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ ਇਹ ਔਰਤ ਪਿੰਡ ਸ਼ੇਰਮਾਜਰਾ ਪੁੱਲ ਦੇ ਨੇੜੇ ਭੁੱਕੀ ਵੇਚਣ ਲਈ ਗਾਹਕ ਦੀ ਉਡੀਕ ਕਰ ਰਹੀ ਸੀ ਤੇ ਪੁਲਿਸ ਨੇ ਮੌਕੇ ’ਤੇ ਜਾ ਕੇ ਗ੍ਰਿਫਤਾਰ ਕਰ ਲਿਆ। ਥਾਣਾ ਪਾਤੜਾਂ ਪੁਲਿਸ ਨੇ ਅਕਾਸ਼ ਕੁਮਾਰ ਵਾਸੀ ਧਾਨਕਾ ਬਸਤੀ ਪਾਤੜਾਂ ਨੂੰ ਪਾਬੰਦੀਸ਼ੁਦਾ 124 ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਸਦਰ ਨਾਭਾ ਪੁਲਿਸ ਨੇ ਬੱਬੀ ਵਾਸੀ ਢੇਹਾ ਬਸਤੀ ਨੂੰ 115 ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸੇ ਥਾਣੇ ਦੀ ਪੁਲਿਸ ਨੇ ਛੀਂਟਾਵਾਲਾ ਪੁੱਲ ਦੇ ਨੇੜੇ ਅਮਰੀਜਤ ਸਿੰਘ ਵਾਸੀ ਪਿੰਡ ਛੀਂਟਾਵਾਰਾ ਕੋਲੋਂ 200 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਥਾਣਾ ਸਦਰ ਪੁਲਿਸ ਨੇ ਪਿੰਡ ਦੋਦੜਾ ਦੇ ਨੇੜੇ ਹਰਦੀਪ ਸਿੰਘ ਨੂੰ ਚਿੱਟਾ ਦਾ ਨਸ਼ਾ ਕਰਦੇ ਸਮੇਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਇਕ ਲਾਈਟਰ ਤੇ ਤਿੰਨ ਸਿਲਵਰ ਫੋਇਲ ਪੇਪਰ ਬਰਾਮਦ ਕੀਤੇ ਹਨ। ਇਸੇ ਤਰ੍ਹਾ ਪਟਿਆਲਾ ਦੇ ਥਾਣਾ ਸਦਰ ਪੁਲਿਸ ਨੇ ਸੋਹਨ ਸਿੰਘ ਵਾਸੀ ਪਿੰਡ ਸੈਫਦੀਪੁਰ ਨੂੰ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ ਰੱਖੇ 100 ਲੀਟਰ ਲਾਹਣ ਤੇ ਤਿਆਰ ਕੀਤੀ ਗਈ ਦੇਸੀ ਸ਼ਰਾਬ ਦੀਆਂ 22 ਬੋਤਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸੇ ਥਾਣਾ ਪੁਲਿਸ ਨੇ ਮਹਿੰਦਰ ਸਿੰਘ ਪਿੰਡ ਸੈਫਦੀਪੁਰ ਨੂੰ 50 ਲੀਟਰ ਲਾਹਨ ਤੇ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਘਰ ਤੋਂ ਗ੍ਰਿਫਤਾਰ ਕੀਤਾ ਹੈ। ਜਦੋਂਕਿ ਸ਼ੰਭੂ ਥਾਣਾ ਪੁਲਿਸ ਨੇ ਹਰਮਨ ਸਿੰਘ ਵਾਸੀ ਸ਼ੰਭੂ ਖੁਰਦ ਅਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਮਰਦਾਂਪੁਰ ਨੂੰ ਪਿੰਡ ਬਪਰੌਰ ਕੋਲੋਂ 24 ਬੋਤਲਾਂ ਨਾਜਾਇਜ਼ ਸਰ਼ਾਬ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਘੱਗਾ ਪੁਲਿਸ ਨੇ ਜੋਗਿੰਦਰ ਸਿੰਘ ਵਾਸੀ ਪਿੰਡ ਕਲਵਾਣੂ ਨੂੰ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ।



