ਨਸ਼ੇ ਕਾਰਨ ਮਰਨ ਵਾਲੇ ਵਿਅਕਤੀ ਦੇ ਘਰ ਪਹੁੰਚ ਕੇ ਐੱਸਡੀਐੱਮ ਨੇ ਦੁੱਖ ਸਾਂਝਾ ਕੀਤਾ
ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ: ਗੁਰਮੀਤ ਸਿੰਘ

ਫ਼ਿਰੋਜ਼ਪੁਰ, 7 ਮਾਰਚ (ਜਸਵਿੰਦਰ ਸਿੰਘ ਸੰਧੂ)– ਸਬ ਡਵੀਜ਼ਨ ਜ਼ੀਰਾ ਅਧੀਨ ਪੈਂਦੇ ਪਿੰਡ ਫੱਤੇਵਾਲਾ ਵਿਚ ਬੀਤੇ ਦਿਨੀਂ ਨਸ਼ੇ ਕਾਰਨ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨਾਲ ਦੁੱਖ ਜ਼ਾਹਰ ਕਰਨ ਅਤੇ ਪੀੜਤ ਪਰਿਵਾਰ ਨੂੰ ਸਰਕਾਰੀ ਸਹਾਇਤਾ ਦਿਵਾਏ ਜਾਣ ਦੇ ਮੰਤਵ ਨਾਲ ਐੱਸਡੀਐੱਮ ਜ਼ੀਰਾ ਗੁਰਮੀਤ ਸਿੰਘ ਵੱਲੋਂ ਮਿ੍ਰਤਕ ਸੁਖਬੀਰ ਸਿੰਘ ਉਰਫ ਸੋਨੂੰ (38) ਵਾਸੀ ਪਿੰਡ ਫੱਤੇਵਾਲਾ ਦੇ ਘਰ ਪੁੱਜੇ, ਜਿੱਥੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ ਮਿ੍ਰਤਕ ਆਪਣੇ ਪਿੱਛੇ ਪਤਨੀ ਸੁਖਵਿੰਦਰ ਕੌਰ, ਬੇਟਾ ਅੰਸ਼ਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਤੋਂ ਇਲਾਵਾ ਬੇਟੀ ਮਨਪ੍ਰੀਤ ਕੌਰ ਜਿਨ੍ਹਾਂ ਦੀ ਉਮਰ ਕਰੀਬ 11 ਤੋਂ ਅੱਠ ਸਾਲ ਹੈ, ਨੂੰ ਪਿੱਛੇ ਛੱਡ ਗਿਆ ਹੈ, ਜਦੋਂ ਕਿ ਮਿ੍ਰਤਕ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਸਵਰਗਵਾਸ ਹੋ ਚੁੱਕੇ ਹਨ। ਗੁਰਮੀਤ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਦੀ ਨਸ਼ੇ ਕਾਰਨ ਬੇਵਕਤੀ ਮੌਤ ਹੁੰਦੀ ਹੈ ਤਾਂ ਪਿੱਛੋਂ ਉਸ ਦਾ ਪਰਿਵਾਰ ਰੁਲ ਜਾਂਦਾ ਹੈ। ਪਰੰਤੂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਪੀੜਤਾਂ ਅਤੇ ਨਸ਼ੇ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਲਾਫ਼ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਵਿੱਚੋਂ ਨਸ਼ਾ ਵੇਚਣ ਵਾਲਿਆਂ ਨੂੰ ਸਲਾਖਾਂ ਪਿੱਛੇ ਸੁੱਟ ਕੇ ਤੇ ਉਨ੍ਹਾਂ ਵੱਲੋਂ ਬਣਾਈਆਂ ਨਾਜ਼ਾਇਜ਼ ਜਾਇਦਾਦਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਜੋ ਲੋਕ ਨਸ਼ੇ ਕਰਦੇ ਹਨ, ਉਹ ਆਪਣੇ ਪਰਿਵਾਰਾਂ ਦੇ ਚੰਗੇ ਭਵਿੱਖ ਲਈ ਨਸ਼ਿਆਂ ਦਾ ਤਿਆਗ ਕਰ ਦੇਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਦਾ ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਉ ਕੇਂਦਰਾਂ ਵਿਚ ਬਿਲਕੁਲ ਮੁਫ਼ਤ ਇਲਾਜ ਉਪਲੱਬਧ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ੇ ਦੀ ਅਲਾਮਤ ਤੋਂ ਬਚੇ ਰਹਿਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਗੁਆਂਢ ਵਿੱਚ ਕੋਈ ਵੀ ਨਸ਼ੇ ਦੀ ਲੱਤ ਦਾ ਸ਼ਿਕਾਰ ਹੈ ਤਾਂ ਉਹ ਉਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਹੈਲਪ ਲਾਈਨ ਨੰਬਰ 01632244017 ਜਾਂ 8283016364 ਤੇ ਦੇਣ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।



