
ਭਵਾਨੀਗੜ੍ਹ, 23 ਅਗਸਤ : ਜ਼ਿਲ੍ਹੇ ਦੇ ਪਿੰਡ ਰਾਮਪੁਰਾ ‘ਚ ਇੱਕ ਨਸ਼ੇੜੀ ਭਤੀਜੇ ਵੱਲੋਂ ਆਪਣੇ ਦਿਵਿਆਂਗ ਚਾਚੇ ਨੂੰ ਸਿਰ ਵਿਚ ਲੋਹੇ ਦੀ ਚੀਜ਼ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਹੈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ, ਗੋਬਿੰਦਰ ਸਿੰਘ ਪੁੱਤਰ ਭੂਰਾ ਸਿੰਘ ਨਿਵਾਸੀ ਚੱਠਾ ਨਨਹੇੜਾ ਹਾਲ-ਅਬਾਦ ਪਿੰਡ ਰਾਮਪੁਰਾ (ਭਵਾਨੀਗੜ੍ਹ) ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਹਰਕੀਰਤ ਸਿੰਘ ਨਾਲ ਪਿੰਡ ਰਾਮਪੁਰਾ ਵਿਖੇ ਪਵਿੱਤਰ ਸਿੰਘ (52) ਪੁੱਤਰ ਜਗਜੀਤ ਸਿੰਘ ਦੇ ਘਰ ਰਹਿ ਰਿਹਾ ਹੈ। ਪਵਿੱਤਰ ਸਿੰਘ ਦੋਵੇਂ ਲੱਤਾਂ ਤੋਂ ਅਪਾਹਜ ਸੀ ‘ਤੇ ਬਾਹਾਂ ਵੀ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਸਨ। ਪਵਿੱਤਰ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ। ਗੋਬਿੰਦਰ ਸਿੰਘ ਨੇ ਦੱਸਿਆ ਕਿ ਪਵਿੱਤਰ ਸਿੰਘ ਨੇ ਉਨ੍ਹਾਂ ਦੋਵੇਂ ਭਰਾਵਾਂ ਨੂੰ ਆਪਣੇ ਸਕੇ ਭਰਾਵਾਂ ਵਾਂਗ ਰੱਖਿਆ ਹੋਇਆ ਸੀ। ਸ਼ਿਕਾਇਤਕਰਤਾ ਅਨੁਸਾਰ ਪਵਿੱਤਰ ਸਿੰਘ ਤੋਂ ਉਸਦੇ ਵੱਡੇ ਭਰਾ ਹਰਕੀਰਤ ਸਿੰਘ ਦਾ ਲੜਕਾ ਮਨਵੀਰ ਸਿੰਘ (30) ਅਕਸਰ ਨਸ਼ੇ ਦੀ ਪੂਰਤੀ ਲਈ ਪੈਸੇ ਲੈਣ ਲਈ ਆਉਂਦਾ ਸੀ ‘ਤੇ ਪੈਸਿਆਂ ਲਈ ਲੜਾਈ ਝਗੜਾ ਕਰਦਾ ਸੀ। ਗੋਬਿੰਦਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਵੀ ਉਕਤ ਮਨਵੀਰ ਆਪਣੇ ਚਾਚੇ ਪਵਿੱਤਰ ਸਿੰਘ ਦੇ ਕਮਰੇ ਵਿਚ ਆਇਆ ਸੀ ‘ਤੇ ਜਦੋਂ ਉਸਨੇ ਕਮਰੇ ਵਿਚੋਂ ਉੱਚੀ ਆਵਾਜ਼ ਸੁਣੀ ਤਾਂ ਉਹ ਕਮਰੇ ਵੱਲ ਭੱਜਿਆ। ਉਸਨੇ ਸ਼ੀਸ਼ੇ ‘ਚੋਂ ਦੇਖਿਆ ਕਿ ਮਨਵੀਰ ਕਿਸੇ ਲੋਹੇ ਦੀ ਚੀਜ਼ ਨਾਲ ਪਵਿੱਤਰ ਸਿੰਘ ਦੇ ਸਿਰ ‘ਤੇ ਵਾਰ ਕਰ ਰਿਹਾ ਸੀ ਜੋ ਮੈਨੂੰ ਆਉਂਦਾ ਦੇਖ ਕੇ ਹਥਿਆਰ ਸਮੇਤ ਮੌਕੇ ਤੋਂ ਭੱਜ ਗਿਆ। ਗੋਬਿੰਦਰ ਨੇ ਦੱਸਿਆ ਕਿ ਜਦੋਂ ਪਵਿੱਤਰ ਸਿੰਘ ਨੂੰ ਕਮਰੇ ਵਿਚ ਦੇਖਿਆ ਤਾਂ ਉਹ ਖੂਨ ਨਾਲ ਲੱਥਪਥ ਸੀ ਤੇ ਉਸਦੇ ਸਿਰ ਵਿਚੋਂ ਖੂਨ ਵਗ ਰਿਹਾ ਸੀ। ਮੌਕੇ ਤੋਂ ਭੱਜਦੇ ਸਮੇਂ ਮਨਵੀਰ ਪਵਿੱਤਰ ਸਿੰਘ ਦੇ ਸਿਰਹਾਣੇ ਪਏ ਤਿੰਨ-ਚਾਰ ਮੋਬਾਈਲ ਫੋਨ ‘ਤੇ ਕੁਝ ਨਕਦੀ ਵੀ ਲੈ ਗਿਆ। ਬਾਅਦ ਵਿਚ ਪਵਿੱਤਰ ਸਿੰਘ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਲਿਜਾਂਦਾ ਗਿਆ ਜਿੱਥੇ ਸ਼ੁੱਕਰਵਾਰ ਰਾਤ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।



