
ਲੁਧਿਆਣਾ, 6 ਜਨਵਰੀ– ਨਸ਼ਾ ਸਮੱਗਲਿੰਗ ਖਿਲਾਫ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਨੇ ਇੱਕ ਕਥਿਤ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਨੀਚੀ ਮੰਗਲੀ ਦੇ ਰਹਿਣ ਵਾਲੇ ਵਿਕਰਮ ਸਿੰਘ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 110 ਗ੍ਰਾਮ ਹੈਰੋਇਨ, ਡਰੱਗ ਮਨੀ ਤੇ ਜਿਪਲਾਕ ਪਾਊਚ ਬਰਾਮਦ ਕਰਨ ਮਗਰੋਂ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੀਆਈਏ 2 ਦੇ ਥਾਣੇਦਾਰ ਗੁਰਪ੍ਰੀਤ ਸਿੰਘ ਮੁਤਾਬਕ ਸਥਾਨਕ ਸਿਕਰੀ ਚੌਕ ਦੁਰਗਾ ਕਾਲੋਨੀ ਗਸ਼ਤ ਦੌਰਾਨ ਪੁਲਿਸ ਨੂੰ ਜਾਣਕਰੀ ਮਿਲੀ ਸੀ ਕਿ ਦੁਰਗਾ ਕਾਲੋਨੀ ਚੌਕ ’ਚ ਖੜ੍ਹਾ ਇੱਕ ਨਸ਼ਾ ਸਮੱਗਲਰ ਗਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਰੇਡ ਕਰ ਕੇ ਮੁਲਜ਼ਮ ਬਿਕਰਮ ਸਿੰਘ ਨੂੰ ਹਿਰਾਸਤ ’ਚ ਲਿਆ ਤੇ ਉਸ ਦੇ ਕਬਜ਼ੇ ’ਚੋਂ 110 ਗ੍ਰਾਮ ਹੈਰੋਇਨ, ਜਿਪ ਲਾਕ ਪਾਊਚ ਤੇ 20 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਮੁਲਜ਼ਮ ਕੋਲੋਂ ਵਧੇਰੇ ਪੁੱਛਗਿੱਛ ਦੌਰਾਨ ਉਸ ਦੇ ਨਸ਼ਾ ਪ੍ਰਾਪਤ ਕਰਨ ਦੇ ਸਰੋਤਾਂ ਤੇ ਗਾਹਕਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ। ਬਾਕਸ— ਮੁਲਜ਼ਮ ਦਾ ਲੰਬਾ ਅਪਰਾਧਿਕ ਰਿਕਾਰਡ ਸੀਆਈ ਏ 2 ਦੇ ਮੁੱਖ ਅਫਸਰ ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ ਮੁਤਾਬਕ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਵਿਕਰਮ ਉਰਫ ਵਿੱਕੀ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਥਾਣਾ ਸਾਹਨੇਵਾਲ, ਫੋਕਲ ਪੁਆਇੰਟ, ਥਾਣਾ ਜਮਾਲਪੁਰ ਸਮੇਤ ਹੋਰ ਕਈ ਥਾਣਿਆਂ ’ਚ ਨਸ਼ਾ ਸਮੱਗਲਿੰਗ ਸਮੇਤ ਹੋਰ ਸੰਗੀਨ ਦੋਸ਼ਾਂ ਤਹਿਤ 8 ਮਾਮਲੇ ਪਹਿਲਾਂ ਵੀ ਦਰਜ ਹਨ। ਕਰੀਬ ਇੱਕ ਸਾਲ ਪਹਿਲਾਂ ਮੁਲਜ਼ਮ ਜੇਲ ਤੋਂ ਜ਼ਮਾਨਤ ’ਤੇ ਬਾਹਰ ਆਇਆ ਤੇ ਬਾਹਰ ਆਉਂਦੇ ਹੀ ਆਪਣਾ ਨਸ਼ਾ ਸਮੱਗਲਿੰਗ ਦਾ ਨੈੱਟਵਰਕ ਫਿਰ ਚਾਲੂ ਕਰ ਕੇ ਇਸ ਗੋਰਖਧੰਦੇ ’ਚ ਲਿਪਤ ਹੋ ਗਿਆ।



