Punjab

ਇਲੈਕਟਰਾਨਿਕ ਦੁਕਾਨ ਅੰਦਰ ਵੜੀਆਂ ਔਰਤਾਂ ਦੇ ਗੈਂਗ ਨੇ ਕੀਤੀ ਚੋਰੀ

ਲੁਧਿਆਣਾ, 6 ਜਨਵਰੀ- ਮਹਾਨਗਰ ਦੇ ਥਾਣਾ ਬਸਤੀ ਜੋਧੇਵਾਲ ਅਧੀਨ ਕਾਲੀ ਸੜਕ ਇਲਾਕੇ ’ਤੇ ਇਲੈਕਟ੍ਰਾਨਿਕ ਸਾਮਾਨ ਰਿਪੇਅਰ ਦੀ ਦੁਕਾਨ ’ਚੋਂ ਜਨਾਨਾ ਚੋਰ ਗੈਂਗ ਦੀਆਂ ਔਰਤਾਂ ਨੇ ਚੋਰੀ ਦੀ ਵਾਰਦਾਤ ਅੰਜਾਮ ਦਿੱਤੀ। ਇਸ ਗੈਂਗ ਦੀਆਂ ਔਰਤਾਂ ਨੇ ਬੜੀ ਸਫਾਈ ਨਾਲ ਦੁਕਾਨ ਅੰਦਰ ਦਾਖਲ ਹੋ ਕੇ ਅੰਦਰ ਪਿਆ ਕੀਮਤੀ ਸਾਮਾਨ ਤੇ ਤਾਂਬੇ ਦੀਆਂ ਤਾਰਾਂ ਚੋਰੀ ਕੀਤੀਆਂ ਤੇ ਮੌਕੇ ਤੋਂ ਖਿਸਕਣ ਲੱਗੀਆਂ ਸਨ। ਇਸ ਦੌਰਾਨ ਮਾਰਕੀਟ ਦੇ ਹੀ ਇੱਕ ਹੋਰ ਦੁਕਾਨਦਾਰ ਨੇ ਇਨ੍ਹਾਂ ਔਰਤਾਂ ਉੱਪਰ ਚੋਰੀ ਕਰਨ ਦਾ ਸ਼ੱਕ ਹੋਣ ’ਤੇ ਰੌਲਾ ਪਾ ਦਿੱਤਾ ਤੇ ਇਹ ਸ਼ਾਤਰ ਔਰਤਾਂ ਚੋਰੀ ਦਾ ਸਾਮਾਨ ਮੌਕੇ ’ਤੇ ਹੀ ਛੱਡ ਕੇ ਇੱਧਰ-ਉੱਧਰ ਭੱਜ ਨਿਕਲੀਆਂ। ਜਦੋਂ ਤੱਕ ਮਾਰਕੀਟ ਦੇ ਲੋਕ ਇਕੱਠੇ ਹੁੰਦੇ ਉਸ ਵੇਲੇ ਤੱਕ ਇਸ ਗਰੁੱਪ ਦੀਆਂ ਜ਼ਿਆਦਾਤਰ ਔਰਤਾਂ ਮੌਕੇ ਤੋਂ ਨਿਕਲਣ ’ਚ ਕਾਮਯਾਬ ਹੋ ਗਈਆਂ ਪਰ ਇਨ੍ਹਾਂ ਦੀ ਇੱਕ ਮੈਂਬਰ ਲੋਕਾਂ ਨੇ ਮੌਕੇ ’ਤੇ ਕਾਬੂ ਕਰ ਲਈ। ਪਹਿਲਾਂ ਤਾਂ ਇਹ ਔਰਤ ਆਪਣੇ-ਆਪ ਨੂੰ ਬੇਕਸੂਰ ਦੱਸਦੀ ਰਹੀ ਪਰ ਜਦ ਮੁਹੱਲੇ ਦੀਆਂ ਔਰਤਾਂ ਤੇ ਦੁਕਾਨਦਾਰਾਂ ਨੇ ਦਬਾਅ ਬਣਾਇਆ ਤਾਂ ਉਸ ਨੇ ਆਪਣੀਆਂ ਹੋਰ ਸਾਥਣਾਂ ਦੇ ਠਿਕਾਣਿਆਂ ਬਾਰੇ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ। ਦੁਕਾਨਦਾਰਾਂ ਨੇ ਵੱਖ-ਵੱਖ ਗਲੀਆਂ ’ਚ ਤਲਾਸ਼ ਸ਼ੁਰੂ ਕੀਤੀ ਤਾਂ ਕਈ ਕਿਲੋਮੀਟਰ ਭੱਜ ਨੱਠ ਮਗਰੋਂ ਇਸ ਗੈਂਗ ਦੀਆਂ ਬਾਕੀ ਮੈਂਬਰਾਂ ਨੂੰ ਵੀ ਲੱਭ ਲਿਆ ਗਿਆ। ਬਾਕਸ— ਸੀਸੀਟੀਵੀ ਕੈਮਰੇ ’ਚ ਕੈਦ ਹੋਈ ਕਰਤੂਤ ਦੱਸਣਯੋਗ ਹੈ ਕਿ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਇਸ ਜਨਾਨਾ ਗੈਂਗ ਦੀ ਕਰਤੂਤ ਕੈਦ ਹੋ ਗਈ। ਫੁਟੇਜ ’ਚ ਇੱਕ ਔਰਤ ਦੁਕਾਨ ਅੰਦਰੋਂ ਤਾਂਬੇ ਦੀਆਂ ਤਾਰਾਂ ਨਾਲ ਭਰੀ ਬੋਰੀ ਤੇ ਹੋਰ ਕੀਮਤੀ ਸਾਮਾਨ ਬੋਰੀ ’ਚ ਭਰ ਕੇ ਬਾਹਰ ਵੱਲ ਲਿਜਾਂਦੀ ਕੈਦ ਹੋ ਗਈ। ਦੁਕਾਨ ਮਾਲਕ ਮੁਤਾਬਕ ਸੀਸੀਟੀਵੀ ਕੈਮਰੇ ਦੀ ਇਹ ਫੁਟੇਜ ਵੀ ਪੁਲਿਸ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਆਲੇ-ਦੁਆਲੇ ਦੀਆਂ ਦੁਕਾਨਾਂ ਤੋਂ ਕਈ ਵਾਰ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਹੈ ਤੇ ਮਾਰਕੀਟ ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਕਾਰਨ ਖਾਸੀ ਪ੍ਰੇਸ਼ਾਨ ਸੀ। ਬਾਕਸ— ਸ਼ਾਤਿਰ ਢੰਗ ਨਾਲ ਅੰਜਾਮ ਦਿੱਤੀ ਚੋਰੀ ਏਸੀ ਰਿਪੇਅਰ ਦੀ ਦੁਕਾਨ ਚਲਾਉਣ ਵਾਲੇ ਦੀਪਕ ਕੁਮਾਰ ਮੁਤਾਬਕ ਉਨ੍ਹਾਂ ਦੇ ਘਰ ਕੁਝ ਰਿਸ਼ਤੇਦਾਰ ਆਏ ਹੋਏ ਸਨ ਇਸ ਲਈ ਉਹ ਜਲਦੀ ਘਰ ਚਲਾ ਗਿਆ। ਇਸ ਦੌਰਾਨ ਔਰਤਾਂ ਦਾ ਇਹ ਗੈਂਗ ਦੁਕਾਨ ਦੇ ਸਾਹਮਣੇ ਆ ਕੇ ਬੈਠ ਗਿਆ ਤੇ ਸ਼ਟਰ ਦੇ ਆਲੇ-ਦੁਆਲੇ ਘੇਰਾ ਬਣਾ ਲਿਆ। ਇਸ ਘੇਰੇ ਦੀ ਆੜ ’ਚ ਇੱਕ ਔਰਤ ਦੁਕਾਨ ਅੰਦਰ ਦਾਖਲ ਹੋਈ ਤੇ ਤਾਂਬੇ ਦੀਆਂ ਤਾਰਾਂ ਸਮੇਤ ਹੋਰ ਕੀਮਤੀ ਸਾਮਾਨ ਬੋਰੀ ’ਚ ਪਾ ਕੇ ਬਾਹਰ ਨਿਕਲ ਆਈ। ਮਾਰਕੀਟ ਦੇ ਹੀ ਇੱਕ ਦੁਕਾਨਦਾਰ ਨੇ ਇਨ੍ਹਾਂ ਦੀ ਕਰਤੂਤ ਵੇਖ ਕੇ ਰੌਲਾ ਪਾ ਦਿੱਤਾ। ਮੌਕੇ ’ਤੇ ਬਾਕੀ ਦੁਕਾਨਦਾਰ ਇਕੱਠੇ ਹੋਏ ਤੇ ਭੱਜ-ਦੌੜ ਕਰ ਕੇ ਇਸ ਗੈਂਗ ਦੀਆਂ ਬਾਕੀ ਔਰਤਾਂ ਨੂੰ ਵੀ ਅਲੱਗ-ਅਲੱਗ ਗਲੀਆਂ ’ਚੋਂ ਫਰਾਰ ਹੁੰਦਿਆਂ ਕਾਬੂ ਕਰ ਕੇ ਇਸ ਵਾਰਦਾਤ ਦੀ ਜਾਣਕਾਰੀ ਥਾਣਾ ਬਸਤੀ ਜੋਧੇਵਾਲ ਪੁਲਿਸ ਨੂੰ ਦੇ ਦਿੱਤੀ। ਥਾਣਾ ਬਸਤੀ ਜੋਧੇਵਾਲ ਦੇ ਮੁੱਖ ਅਫਸਰ ਇੰਸ. ਜਸਬੀਰ ਸਿੰਘ ਮੁਤਾਬਕ ਥਾਣੇ ’ਚ ਇਸ ਮਾਮਲੇ ਨੂੰ ਲੈ ਕੇ ਕੁਝ ਵਿਅਕਤੀ ਆਏ ਸਨ। ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਬਾਕਸ– ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਹੋਈਆਂ ਕਈ ਵਾਰਦਾਤਾਂ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ’ਚ ਜਨਾਨਾ ਗੈਂਗ ਵੱਲੋਂ ਚੋਰੀ ਦੀਆਂ ਕਈ ਵਾਰਦਾਤਾਂ ਅੰਜਾਮ ਦਿੱਤੀਆਂ ਗਈਆਂ ਹਨ। ਅਜਿਹਾ ਹੀ ਇੱਕ ਮਾਮਲਾ ਕੁਝ ਸਮਾਂ ਪਹਿਲਾਂ ਗਿੱਲ ਰੋਡ ਏਟੀਆਈ ਕਾਲਜ ਦੇ ਸਾਹਮਣੇ ਮਾਰਕੀਟ ’ਚ ਅੰਜਾਮ ਦਿੱਤਾ ਗਿਆ ਸੀ, ਜਦੋਂ ਕਰੀਬ ਅੱਠ-ਦਸ ਔਰਤਾਂ ਇੱਕ ਬੰਦ ਦੁਕਾਨ ਦੇ ਸ਼ਟਰ ਬਾਹਰ ਬੈਠ ਗਈਆਂ ਤੇ ਸੱਬਲ ਰਾਹੀ ਸ਼ਟਰ ਇੱਕ ਪਾਸੇ ਤੋਂ ਚੱਕ ਕੇ ਛੋਟੀ ਉਮਰ ਦੀ ਲੜਕੀ ਨੂੰ ਦੁਕਾਨ ਅੰਦਰ ਵਾੜ ਦਿੱਤਾ ਸੀ। ਉਕਤ ਲੜਕੀ ਨੇ ਦੁਕਾਨ ’ਚੋਂ ਨਟ ਬੋਲਟ ਦੀਆਂ ਬੋਰੀਆਂ ਸ਼ਟਰ ਰਾਹੀਂ ਬਾਹਰ ਕੱਢੀਆਂ ਤੇ ਇਹ ਗੈਂਗ ਕੀਮਤੀ ਨਟ ਬੋਲਟ ਦੀਆਂ ਬੋਰੀਆਂ ਚੋਰੀ ਕਰ ਕੇ ਮੌਕੇ ਤੋਂ ਫਰਾਰ ਹੋਣ ਦੀ ਤਿਆਰੀ ’ਚ ਸੀ ਪਰ ਉਸ ਵੇਲੇ ਵੀ ਮੁਹੱਲਾ ਵਾਸੀਆਂ ਤੇ ਮਾਰਕੀਟ ਵਾਲਿਆਂ ਨੇ ਉਨ੍ਹਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਸੀ।

Related Articles

Leave a Reply

Your email address will not be published. Required fields are marked *

Back to top button