
ਭਦੌੜ, 22 ਅਗਸਤ : ਭਦੌੜ ਏਰੀਏ ’ਚ ਚੋਰੀ ਕਰਨ ਵਾਲੇ ਏਨੇ ਬੇਖੌਫ ਹੋ ਕੇ ਘੁੰਮ ਰਹੇ ਹਨ ਕਿ ਦਿਨ-ਦਿਹਾੜੇ ਵੀ ਸ਼ਰੇਆਮ ਚੋਰੀਆਂ ਕਰਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਦਿੰਦਿਆਂ ਬਾਬਾ ਹਸਤ ਲਾਲ ਡੇਰੇ ਦੇ ਮਹੰਤ ਰਵਿੰਦਰ ਦਾਸ ਨੇ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਾਹਰ ਕਿਸੇ ਕੰਮਕਾਰ ’ਚ ਗਏ ਹੋਏ ਸਨ ਅਤੇ ਕੱਲ੍ਹ ਸ਼ਾਮ ਨੂੰ ਉਹ ਵਾਪਸ ਡੇਰੇ ’ਚ ਆ ਗਏ, ਅੱਜ ਸਵੇਰੇ ਜਦੋਂ ਲਾਈਟ ਗਈ ਤਾਂ ਇਨਵਰਟਰ ਨਹੀਂ ਚੱਲਿਆ। ਇਸ ਤੋਂ ਬਾਅਦ ਉਹ ਡੇਰੇ ’ਚ ਜਿਸ ਕਮਰੇ ’ਚ ਇਨਵਰਟਰ ਬੈਟਰਾ ਲੱਗਿਆ ਹੋਇਆ ਸੀ। ਉਸ ’ਚ ਜਾ ਕੇ ਦੇਖਿਆ ਤਾਂ ਉਥੋਂ ਨਵਾਂ ਇਨਵਰਟਰ ਬੈਟਰਾ ਤੇ ਨਵੇਂ ਚਾਰ ਪੱਖੇ ਗਾਇਬ ਸਨ। ਇਸ ਤੋਂ ਬਾਅਦ ਉਹ ਸੀਸੀਟੀਵੀ ਫੋਟੋਜ ਚੈੱਕ ਕੀਤੀ ਤਾਂ ਉਸਦੀ ਰਿਕਾਰਡਿੰਗ ’ਚ ਕੱਲ੍ਹ ਤਕਰੀਬਨ ਦੁਪਹਿਰ ਦੇ ਡੇਢ ਵਜੇ ਚਾਰ ਔਰਤਾਂ ਜਿਨ੍ਹਾਂ ਦੇ ਬਗਲੀਆਂ ਪਾਈਆਂ ਹੋਈਆਂ ਸਨ। ਡੇਰੇ ਅੰਦਰ ਦਾਖਲ ਹੋਈਆਂ ਤੇ ਨਵਾਂ ਇਨਵਰਟਰ, ਬੈਟਰਾ ਅਤੇ ਚਾਰ ਪੱਖੇ ਲੈ ਕੇ ਵਿਸਾਖੀ ਵਾਲਾ ਗੁਰਦੁਆਰਾ ਵੱਲ ਨੂੰ ਚਲੀਆਂ ਗਈਆਂ। ਇਸ ਦੀ ਉਨ੍ਹਾਂ ਨੇ ਸੀਸੀਟੀਵੀ ਫੋਟੋ ਲੈ ਲਈ ਹੈ, ਇਹ ਚੋਰੀ ਕਰਨ ਵਾਲੀਆਂ ਔਰਤਾਂ ਬਾਬਾ ਹਸਤ ਲਾਲ ਡੇਰੇ ਤੋਂ ਸਾਮਾਨ ਚੋਰੀ ਕਰ ਕੇ ਵਿਸਾਖੀ ਵਾਲਾ ਗੁਰਦੁਆਰਾ ਤੋਂ ਅੱਗੇ ਲੰਘੀਆਂ ਹਨ। ਉਨ੍ਹਾਂ ਕਿਹਾ ਕਿ ਵਿਸਾਖੀ ਵਾਲਾ ਗੁਰਦੁਆਰਾ ’ਚ ਲੱਗੇ ਸੀਸੀਟੀਵੀ ਫੁਟੇਜ ’ਚ ਉਨ੍ਹਾਂ ਦੀਆਂ ਤਸਵੀਰਾਂ ਸਾਫ ਆ ਰਹੀਆਂ ਹਨ ਪਰੰਤੂ ਮੀਰੀ-ਪੀਰੀ ਖਾਲਸਾ ਕਾਲਜ ਕੋਲ ਚੌਕ ’ਚ ਲੱਗੇ ਸਰਕਾਰੀ ਸੀਸੀਟੀਵੀ ਚੋਰੀ ਹੋਣ ਕਾਰਨ ਅੱਗਿਓਂ ਪਤਾ ਨਹੀਂ ਚੱਲ ਰਿਹਾ ਕਿ ਕਿਸ ਪਾਸੇ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੂਚਨਾ ਥਾਣਾ ਭਦੌੜ ਨੂੰ ਦੇ ਦਿੱਤੀ ਗਈ ਹੈ। ਉਹ ਮੰਗ ਕਰਦੇ ਹਨ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਉਨ੍ਹਾਂ ਨੂੰ ਵਾਪਿਸ ਦੁਆਇਆ ਜਾਵੇ। ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਮੁੱਖ ਅਫਸਰ ਇੰਸਪੈਕਟਰ ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।



