
ਐਸ.ਏ.ਐਸ. ਨਗਰ, 12 ਜੂਨ : ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ‘ਚ ਵੱਡੀ ਕਾਮਯਾਬੀ ਹਾਸਲ ਕਰਦਿਆਂ 14 ਕਿਲੋ 370 ਗ੍ਰਾਮ ਅਫੀਮ ਸਮੇਤ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਐਸ.ਪੀ. ਆਪਰੇਸ਼ਨਜ਼ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਡੇਰਾਬਸੀ ਦੇ ਡੀ.ਐਸ.ਪੀ. ਨਵੀਨਪਾਲ ਸਿੰਘ ਅਤੇ ਥਾਣਾ ਲਾਲੜੂ ਇੰਚਾਰਜ ਇੰਸਪੈਕਟਰ ਸਿਮਰਨ ਸਿੰਘ ਦੀ ਟੀਮ ਨੇ ਕੀਤੀ। 11 ਜੂਨ ਨੂੰ ਘੋਲੂ ਮਾਜਰਾ ਬੱਸ ਸਟਾਪ ਨੇੜੇ ਇਨੋਵਾ ਕਾਰ (UK 08 AS 0300) ਨੂੰ ਰੋਕ ਕੇ ਜਾਂਚ ਦੌਰਾਨ ਇਸ ਵਿੱਚੋਂ ਦੋ ਮੋਮੀ ਪੈਕੇਟਾਂ ਵਿਚ ਭਾਰੀ ਮਾਤਰਾ ਵਿੱਚ ਅਫੀਮ ਬਰਾਮਦ ਹੋਈ। ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਰਨਜੋਧ ਸਿੰਘ ਅਤੇ ਜਸਵੀਰ ਸਿੰਘ ਵਜੋਂ ਹੋਈ ਹੈ ਜੋ ਦੋਵੇਂ ਤਰਨਤਾਰਨ ਜ਼ਿਲ੍ਹੇ ਦੇ ਵਸਨੀਕ ਹਨ। ਪੁਲਿਸ ਦੇ ਅਨੁਸਾਰ ਇਹ ਦੋਵੇਂ ਵਿਅਕਤੀ ਮੋਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਫ਼ੌਰਨ ਕਾਬੂ ਕਰ ਲਿਆ ਗਿਆ।
ਬਰਾਮਦਗੀ ਦੀ ਜਾਣਕਾਰੀ:
ਕੁੱਲ ਅਫੀਮ: 14 ਕਿਲੋ 370 ਗ੍ਰਾਮ
ਕਾਰ: ਇਨੋਵਾ (UK 08 AS 0300)
ਨਕਦ ਰਕਮ: ₹5,000 (ਡਰੱਗ ਮਨੀ)
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀਆਂ ‘ਤੇ ਪਹਿਲਾਂ ਵੀ ਨਸ਼ੇ ਸਬੰਧੀ ਮਾਮਲੇ ਦਰਜ ਹਨ। ਰਨਜੋਧ ਸਿੰਘ ਉੱਤੇ 2021 ਵਿੱਚ ਹੀਰੋਇਨ ਬਰਾਮਦੀ ਦਾ ਮਾਮਲਾ ਦਰਜ ਹੈ ਜਦਕਿ ਜਸਵੀਰ ਸਿੰਘ ਉੱਤੇ 2019 ਵਿੱਚ 4.8 ਕਿਲੋ ਅਫੀਮ ਰਿਕਵਰੀ ਹੋਈ ਸੀ। ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਜਾ ਰਿਹਾ ਹੈ, ਤਾਂ ਜੋ ਅਫੀਮ ਦੀ ਸਪਲਾਈ ਚੇਨ ਬਾਰੇ ਹੋਰ ਪਤਾ ਲਾਇਆ ਜਾ ਸਕੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਹੇਠ ਭਵਿੱਖ ਵਿੱਚ ਵੀ ਇਨ੍ਹਾਂ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।



