
ਤਰਨ ਤਾਰਨ, 5 ਅਪ੍ਰੈਲ- ਤਰਨਤਾਰਨ ਦੇ ਪਿੰਡ ਰਸੂਲਪੁਰ ’ਚ ਕਿਰਾਏ ’ਤੇ ਰਹਿੰਦੇ ਇਕ ਨੌਜਵਾਨ ਦੀ ਵੀਰਵਾਰ ਸਵੇਰੇ ਗੋਲੀ ਲੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਦੇ ਦੋ ਦੋਸਤ ਵਿਦੇਸ਼ੀ ਪਿਸਤੌਲ ਲੈ ਕੇ ਆਏ ਅਤੇ ਉਸ ਨੂੰ ਚਲਾਉਣ ਦੀ ਤਕਨੀਕ ਵੇਖਦਿਆਂ ਗੋਲੀ ਚੱਲ ਗਈ ਜਿਸ ਦੇ ਚੱਲਦਿਆਂ 23 ਸਾਲਾ ਨੌਜਵਾਨ ਦੇ ਸਿਰ ਵਿੱਚੋਂ ਗੋਲੀ ਆਰ-ਪਾਰ ਹੋਣ ਨਾਲ ਉਸ ਦੀ ਮੌਤ ਹੋ ਗਈ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ, ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਅਜੈਬੀਰ ਸਿੰਘ ਰਸੂਲਪੁਰ ਪਿੰਡ ਵਿਚ ਕਿਰਾਏ ਦੇ ਘਰ ’ਚ ਰਹਿ ਰਿਹਾ ਸੀ। ਵੀਰਵਾਰ ਸਵੇਰੇ ਕਰੀਬ 9 ਵਜੇ ਉਸ ਦੇ ਦੋ ਦੋਸਤ ਜਗਰੂਪ ਸਿੰਘ ਜੂਪਾ ਪੁੱਤਰ ਰਣਜੀਤ ਸਿੰਘ ਅਤੇ ਅਰਸ਼ਦੀਪ ਸਿੰਘ ਅਰਸ਼ੀ ਪੁੱਤਰ ਗੁਰਦੀਪ ਸਿੰਘ ਵਾਸੀ ਚੁਤਾਲਾ ਉਸਦੇ ਘਰ ਆਏ ਅਤੇ ਇਕ ਕਮਰੇ ਵਿਚ ਬੈਠ ਕੇ ਉਸ ਨਾਲ ਗੱਲਬਾਤ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਦੋਵੇਂ ਜਣੇ 9 ਐੱਮਐੱਮ ਦਾ ਵਿਦੇਸ਼ੀ ਪਿਸਤੌਲ ਲੈ ਕੇ ਆਏ ਸਨ ਅਤੇ ਉਸ ਨੂੰ ਚਲਾਉਣ ਬਾਰੇ ਇਕ ਦੂਜੇ ਨਾਲ ਗੱਲ ਕਰਦਿਆਂ ਗੋਲੀ ਚੱਲ ਗਈ। ਜੋ ਅਜੈਬੀਰ ਸਿੰਘ ਦੇ ਸਿਰ ਦੇ ਆਰ ਪਾਰ ਹੋ ਗਈ। ਉਨ੍ਹਾਂ ਦੱਸਿਆ ਕਿ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਪਾਰਟੀ ਨੇ ਇਲਾਕੇ ਨੂੰ ਘੇਰਾ ਪਾ ਕੇ ਜਗਰੂਪ ਸਿੰਘ ਜੂਪਾ ਤੇ ਅਰਸ਼ਦੀਪ ਸਿੰਘ ਅਰਸ਼ੀ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਕੋਲੋਂ ਪਿਸਟਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲ ਇਹ ਨਾਜਾਇਜ਼ ਅਸਲ੍ਹਾ ਸੀ ਤੇ ਇਹ ਪਿਸਤੋਲ ਇਨ੍ਹਾਂ ਨੇ ਕਿੱਥੋਂ ਲਿਆਂਦਾ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਥਾਣਾ ਸਦਰ ਤਰਨਤਾਰਨ ਵਿਚ ਹੱਤਿਆ ਅਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਲਾਸ਼ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। ਜਿਥੇ ਸ਼ੁੱਕਰਵਾਰ ਨੂੰ ਉਸਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਡੀਐੱਸਪੀ ਨੇ ਦੱਸਿਆ ਕਿ ਮਰਨ ਵਾਲਾ ਮਜ਼ਦੂਰੀ ਕਰਦਾ ਸੀ ਅਤੇ ਉਸਦੀ ਦਸ ਮਹੀਨੇ ਦੀ ਬੱਚੀ ਵੀ ਹੈ।



