
ਫਗਵਾੜਾ, 23 ਫਰਵਰੀ-ਸ਼ਹਿਰ ਦੇ ਮੱਛੀ ਚੌਕ ’ਚ ਭਤੀਜੇ ਦੀ ਮੌਤ ’ਤੇ ਫਗਵਾੜਾ ਤੋਂ ਅਫ਼ਸੋਸ ਕਰਨ ਪੁੱਜੀਆਂ ਦੋ ਭੈਣਾਂ ’ਤੇ ਜੀਜੇ ਨੇ ਬਿਨਾਂ ਕਾਰਨ ਚਾਕੂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਦੋਵੇਂ ਭੈਣਾਂ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਰੂਬੀ ਪਤਨੀ ਸਰਦਾਰਾ ਸਿੰਘ ਤੇ ਪਰਮਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਫਗਵਾੜਾ ਵਜੋਂ ਹੋਈ ਹੈ। ਜ਼ਖ਼ਮੀ ਪਰਮਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਕਪੂਰਥਲਾ ਦੇ ਮੱਛੀ ਚੌਕ ’ਚ ਰਹਿੰਦੇ ਉਨ੍ਹਾਂ ਦੇ ਭਤੀਜੇ ਦੀ ਮੌਤ ਹੋ ਗਈ ਸੀ। ਉਹ ਅਫ਼ਸੋਸ ਕਰਨ ਲਈ ਕਪੂਰਥਲਾ ਪੁੱਜੇ ਸਨ। ਸ਼ਨਿਚਰਵਾਰ ਸਵੇਰੇ ਉਨ੍ਹਾਂ ਦੇ ਘਰ ’ਚ ਉਨ੍ਹਾਂ ਦਾ ਵਿਅਕਤੀ, ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਹੀ ਜਾਣਦੇ ਹਨ, ਅਫ਼ਸੋਸ ਕਰਨ ਆਇਆ। ਜਦੋਂ ਉਕਤ ਵਿਅਕਤੀ ਅਫ਼ਸੋਸ ਕਰ ਕੇ ਚਲਾ ਗਿਆ ਤਾਂ ਉਨ੍ਹਾਂ ਦਾ ਜੀਜਾ ਉਨ੍ਹਾਂ ਨਾਲ ਗਾਲੀ ਗਲੌਚ ਕਰਨ ਲੱਗਾ ਤੇ ਕਹਿਣ ਲੱਗਾ ਕਿ ਉਨ੍ਹਾਂ ਉਕਤ ਵਿਅਕਤੀ ਨੂੰ ਘਰ ’ਚ ਕਿਉਂ ਬਿਠਾਇਆ। ਇਸ ਗੱਲ ਨੂੰ ਲੈ ਕੇ ਉਹ ਬਹਿਸਬਾਜ਼ੀ ਕਰਨ ਲੱਗਾ ਤੇ ਕਮਰੇ ’ਚ ਜਾ ਕੇ ਚਾਕੂ ਲੈ ਆਇਆ ਤੇ ਉਸ ਦੀ ਭੈਣ ਰੂਬੀ ’ਤੇ ਹਮਲਾ ਕਰ ਦਿੱਤਾ। ਜਦੋਂ ਉਸ ਨੇ ਵਿਚਾਲੇ ਆ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੀਜੇ ਨੇ ਉਸ ਉਪਰ ਵੀ ਚਾਕੂ ਨਾਲ ਵਾਰ ਕੀਤਾ, ਜਿਸ ਕਾਰਨ ਉਹ ਦੋਵੇਂ ਭੈਣਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਤਰ ਹੋਏ ਤਾਂ ਉਸ ਦਾ ਜੀਜਾ ਉਥੋਂ ਫ਼ਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੋਵੇਂ ਭੈਣਾਂ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਡਿਊਟੀ ਡਾਕਟਰ ਨੇ ਦੱਸਿਆ ਕਿ ਦੋਵੇਂ ਜ਼ਖ਼ਮੀ ਔਰਤਾਂ ਦਾ ਇਲਾਜ ਐਮਰਜੈਂਸੀ ਵਾਰਡ ’ਚ ਦਾਖ਼ਲ ਕਰ ਕੇ ਕੀਤਾ ਜਾ ਰਿਹਾ ਹੈ। ਐੱਮਐੱਲਆਰ ਸਬੰਧਤ ਥਾਣੇ ਨੂੰ ਭੇਜੀ ਜਾ ਰਹੀ ਹੈ।



