ਰਾਣਾ ਸੋਢੀ ਵੱਲੋਂ ਕੇਂਦਰੀ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ
ਛਾਉਣੀ ਵਾਸੀਆਂ ਦੀਆਂ ਸਮੱਸਿਆਵਾਂ ਦਾ ਚੁੱਕਿਆ ਮੁੱਦਾ

ਫ਼ਿਰੋਜ਼ਪੁਰ, 7 ਮਾਰਚ (ਜਸਵਿੰਦਰ ਸਿੰਘ ਸੰਧੂ)– ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਰਾਣਾ ਗੁਰਮੀਤ ਸਿੰਘ ਸੋਢੀ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਕੰਟੋਨਮੈਂਟ ਬੋਰਡ ਦੇ ਮੁੱਦਿਆਂ ਤੋਂ ਇਲਾਵਾ ਕਿਸਾਨਾਂ ਸਮੇਤ ਸਰਹੱਦੀ ਜ਼ਿਲ੍ਹੇ ਦੇ ਮੁੱਦੇ ਜ਼ੋਰਦਾਰ ਤਰੀਕੇ ਨਾਲ ਉਠਾਏ। ਰਾਣਾ ਸੋਢੀ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਕੰਟੋਨਮੈਂਟ ਖੇਤਰ ਦੇ ਲੋਕ ਬਿ੍ਰਟਿਸ਼ ਕਾਨੂੰਨਾਂ ਦਾ ਅੱਜ ਤੱਕ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਟੋਨਮੈਂਟ ਬੋਰਡ ਵਲੋਂ ਨਿਯਮਾਂ ਦਾ ਨੋਟਿਸ ਭੇਜ ਕੇ ਆਏ ਦਿਨ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕ ਏਧਰ-ਓਧਰ ਭਟਕ ਰਹੇ ਹਨ। ਰਾਣਾ ਸੋਢੀ ਨੇ ਕਿਹਾ ਕਿ ਨਾ ਤਾਂ ਇੱਥੇ ਉਸਾਰੀ ਦੀ ਇਜਾਜ਼ਤ ਮਿਲਦੀ ਹੈ ਅਤੇ ਨਾ ਹੀ ਕਿਸੇ ਨੂੰ ਇੱਥੇ ਜ਼ਮੀਨਾਂ ਦਾ ਅਧਿਕਾਰ ਹੈ, ਲੋਕ ਸਿਰਫ਼ ਉਸਾਰੀ ਦੇ ਮਾਲਕ ਹਨ। ਰਾਣਾ ਸੋਢੀ ਨੇ ਕਿਹਾ ਕਿ ਕੇਂਦਰੀ ਰੱਖਿਆ ਮੰਤਰੀ ਨੂੰ ਆਖਿਆ ਕਿ ਕੰਟੋਨਮੈਂਟ ਦੇ ਸਿਵਲ ਏਰੀਆ ਨੂੰ ਸ਼ਹਿਰ ਦੀ ਮਿਉਂਸੀਪਲ ’ਚ ਸ਼ਾਮਲ ਕਰਨ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਕੰਟੋਨਮੈਂਟ ਬੋਰਡ ਦੇ ਨਿਵਾਸੀ ਹਨ ਅਤੇ ਲੋਕਾਂ ਦੇ ਦਰਦ ਨੂੰ ਨਿੱਜੀ ਰੂਪ ’ਚ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਫ਼ਿਰੋਜ਼ਪੁਰ, ਜਲੰਧਰ ਅਤੇ ਅੰਮ੍ਰਿਤਸਰ ਕੈਂਟ ’ਚ ਤਿੰਨ ਕੰਟੋਨਮੈਂਟ ਹਨ, ਜਿੱਥੇ ਕਿ ਲੋਕ ਬਿ੍ਰਟਿਸ਼ ਨਿਯਮਾਂ ਤੋਂ ਪੇ੍ਰਸ਼ਾਨ ਹਨ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕੇਂਦਰੀ ਰੱਖਿਆ ਮੰਤਰੀ ਨੂੰ ਸਰਹੱਦੀ ਖੇਤਰ ’ਚ ਬੇਰੁਜ਼ਗਾਰੀ ਦੇ ਮੁੱਦੇ ਨੂੰ ਵੀ ਬੜੀ ਗੰਭੀਰਤਾ ਨਾਲ ਚੁੱਕਿਆ ਅਤੇ ਕਿਹਾ ਕਿ ਇੱਥੇ ਹਰ ਨੌਜਵਾਨ ਵਰਗ ਲਈ ਰੋਜ਼ਗਾਰ ਦਾ ਸਾਧਨ ਨਾ ਹੋਣ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ ਅਤੇ ਸਰਕਾਰ ਵੱਖਰੇ ਤੌਰ ’ਤੇ ਕੋਈ ਉਦਯੋਗ ਜਾਂ ਰੱਖਿਆ ਸਿਖਲਾਈ ਦੇ ਹਰ ਸਾਧਨ ਖੋਲ੍ਹਦੀ ਹੈ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।ਕਿਸਾਨਾਂ ਦੇ ਮੁੱਦੇ ਚੁੱਕਦੇ ਹੋਏ ਰਾਣਾ ਸੋਢੀ ਨੇ ਕਿਹਾ ਕਿ 1971 ਦੀ ਜੰਗ ਤੋਂ ਬਾਅਦ ਜ਼ਮੀਨਾਂ ਦਾ ਕਾਫ਼ੀ ਹਿੱਸਾ ਬੇਕਾਰ ਪਿਆ ਹੈ, ਜੇਕਰ ਉਥੇ ਕਿਸਾਨਾਂ ਨੂੰ ਖੇਤੀ ਕਰਨ ਲਈ ਜ਼ਮੀਨ ਦਿੱਤੀ ਜਾਵੇ ਤਾਂ ਅੰਨ ਭੰਡਾਰ ਪੈਦਾ ਹੋਣਗੇ, ਉਥੇ ਕਿਸਾਨਾਂ ਨੂੰ ਵੀ ਜ਼ਮੀਨ ਖੇਤੀ ਕਰਨ ਲਈ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਤਾਰੋਂ ਪਾਰ ਜੋ ਵੀ ਜ਼ਮੀਨ ਹੈ, ਉਸ ਦੇ ਅਧਿਕਾਰ ਕਿਸਾਨਾਂ ਨੂੰ ਦੇਣੇ ਚਾਹੀਦੇ ਹਨ ਤਾਂ ਕਿ ਉਹ ਬਿਨਾਂ ਕਿਸੇ ਰੋਕ-ਟੋਕ ਤੋਂ ਖੇਤੀ ਕਰਕੇ ਆਪਣਾ ਜੀਵਨ ਬਸਰ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲਵਾ ਜ਼ੋਨ ’ਚ 67 ਵਿਭਾਨ ਸਭਾ ਖੇਤਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਉਨ੍ਹਾਂ ਲਈ ਸੋਚਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਨਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਰਾਣਾ ਸੋਢੀ ਨੇ ਕਿਹਾ ਕਿ ਸਤਲੁਜ ਦਰਿਆ ’ਚ ਰੋਇੰਗ ਕਲੱਬ ਖੋਲਿ੍ਹਆ ਜਾ ਸਕਦਾ ਹੈ ਅਤੇ ਇਹ ਖਿਡਾਰੀਆਂ ਦੇ ਉਜਵਲ ਭਵਿੱਖ ਦਾ ਸਾਧਨ ਬਣੇਗਾ। ਸਰਕਾਰ ਜੇਕਰ ਮਨਜ਼ੂਰੀ ਦਿੰਦੀ ਹੈ ਤਾਂ ਰੋਇੰਗ ਖਿਡਾਰੀਆਂ ਦੇ ਲਈ ਸਰਹੱਦੀ ਜ਼ਿਲ੍ਹੇ ’ਚ ਵੀ ਚੰਗੀ ਅਕੈਡਮੀ ਬਣਾਈ ਜਾ ਸਕਦੀ ਹੈ। ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਫ਼ਿਰੋਜ਼ਪੁਰ ਉਨ੍ਹਾਂ ਦੀ ਜਨਮ ਅਤੇ ਕਰਮ ਭੂਮੀ ਹੈ, ਜਿੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਿੱਲੀ ਦਰਬਾਰ ’ਚ ਉਠਾਉਣ ਲਈ ਉਹ ਪੂਰੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜ਼ਿਲ੍ਹੇ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ।



