Punjab

ਦੀਵਾਲੀ ਪਿੰਡ ਦਾ ਸੰਦੀਪ ਸਿੰਘ 45 ਲੱਖ ਲਾ ਕੇ ਗਿਆ ਸੀ ਅਮਰੀਕਾ

ਜਲੰਧਰ, 16 ਫਰਵਰੀ- ਅਮਰੀਕਾ ’ਚ ਨਵੀਂ ਬਣੀ ਟਰੰਪ ਸਰਕਾਰ ਵੱਲੋਂ ਅਮਰੀਕਾ ‘ਚੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਦੂਜਾ ਜਹਾਜ਼ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ ਜਿਨ੍ਹਾਂ ‘ਚ ਜਲੰਧਰ ਕੈਂਟ ਵਿਧਾਨ ਸਭਾ ਹਲਕੇ ‘ਚ ਪੈਦੇ ਪਿੰਡ ਦੀਵਾਲੀ ਦਾ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵੀ ਸ਼ਾਮਲ ਹੈ। ਸੰਦੀਪ ਕਰੀਬ ਇਕ ਸਾਲ ਪਹਿਲਾਂ 24 ਜਨਵਰੀ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਸੰਦੀਪ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ 26 ਜਨਵਰੀ 2024 ਨੂੰ ਅਮਰੀਕਾ ਗਿਆ ਸੀ। ਉਸ ਨੂੰ 45 ਲੱਖ ਰੁਪਏ ਲਗਾ ਕੇ ਅਮਰੀਕਾ ਭੇਜਿਆ ਸੀ ਜਿਸ ’ਚੋਂ 30 ਲੱਖ ਰੁਪਏ ਵਿਆਜ ‘ਤੇ ਲਏ ਸਨ। ਸੰਦੀਪ ਸਿੰਘ ਪਹਿਲਾਂ ਸਾਲ 2000 ’ਚ ਇੰਗਲੈਂਡ ਗਿਆ ਸੀ ਤੇ ਉਸ ਤੋਂ ਬਾਅਦ 2008 ’ਚ ਵਾਪਸ ਆ ਗਿਆ ਤੇ ਉਸ ਦਾ ਵਿਆਹ ਕਰ ਦਿੱਤਾ ਸੀ। ਸੰਦੀਪ ਦੇ ਦੋ ਬੱਚੇ ਹਨ ਇਕ ਲੜਕਾ ਤੇ ਇਕ ਲੜਕੀ। ਲੜਕਾ ਅੱਠਵੀਂ ਕਲਾਸ ’ਚ ਤੇ ਲੜਕੀ ਛੇਵੀਂ ਕਲਾਸ ’ਚ ਪੜ੍ਹਦੀ ਹੈ। ਸੰਦੀਪ ਸਿੰਘ ਨੂੰ ਵਾਪਸ ਭੇਜਣ ਦੀ ਖ਼ਬਰ ਪਤਾ ਲੱਗਣ ’ਤੇ ਉਸ ਦੇ ਮਾਤਾ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੱਡਾ ਝਟਕਾ ਲੱਗਾ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਪੁੱਤਰ ਮਨ ’ਚ ਕਈ ਸਦਰਾਂ ਉਮੀਦਾਂ ਤੇ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਅਮਰੀਕਾ ਪਹੁੰਚਿਆ ਸੀ, ਪ੍ਰੰਤੂ ਉਸ ਦੇ ਇਸ ਤਰ੍ਹਾਂ ਵਾਪਸ ਪਰਤਣ ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਦੱਸਿਆ ਕਿ ਸੌਦਾ 45 ਲੱਖ ਰੁਪਏ ’ਚ ਤੈਅ ਹੋਇਆ ਸੀ, ਉਸ ਤੋਂ 20 ਲੱਖ ਰੁਪਏ ਪਹਿਲਾਂ ਹੀ ਲੈ ਲਏ ਗਏ ਸਨ ਤੇ ਬਾਕੀ 25 ਲੱਖ ਰੁਪਏ ਵੱਖ-ਵੱਖ ਦੇਸ਼ਾਂ ’ਚ ਪਹੁੰਚਣ ’ਤੇ ਉਸ ਤੋਂ ਲੈ ਲਏ ਗਏ ਸਨ। ਪੁੱਤਰ ਨੂੰ ਵਿਦੇਸ਼ ਭੇਜਣ ਲਈ, ਉਸ ਨੇ ਆਪਣੀ ਬੈਂਕ ਲਿਮਟ ਤੋਂ 17 ਲੱਖ ਰੁਪਏ ਤੇ ਆੜ੍ਹਤੀਆਂ ਤੋਂ 7 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਸ ਨੇ ਸੰਦੀਪ ਨਾਲ ਸਿਰਫ਼ ਇਕ ਵਾਰ ਫ਼ੋਨ ’ਤੇ ਗੱਲ ਕੀਤੀ ਸੀ, ਫੜੇ ਜਾਣ ਤੋਂ ਢਾਈ ਤੋਂ ਤਿੰਨ ਮਹੀਨੇ ਪਹਿਲਾਂ, ਜਦੋਂ ਉਹ ਪਨਾਮਾ ’ਚ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਲਗਭਗ ਪੌਣੇ ਤਿੰਨ ਵਜੇ, ਉਸ ਦੇ ਇਕ ਰਿਸ਼ਤੇਦਾਰ ਨੇ ਉਸ ਨੂੰ ਸੰਦੀਪ ਦੀ ਗ੍ਰਿਫਤਾਰੀ ਤੇ ਡਿਪੋਰਟ ਹੋਣ ਬਾਰੇ ਸੂਚਿਤ ਕੀਤਾ। ਫ਼ੋਨ ਕਰਨ ਵਾਲੇ ਨੇ ਕਿਹਾ ਕਿ ਅਮਰੀਕਾ ’ਚ ਰਹਿੰਦੇ ਉਸ ਦੇ ਭਰਾ ਨਾਲ ਗੱਲ ਹੋਈ ਜਿਸ ਨੇ ਦੱਸਿਆ ਕਿ ਜਦੋਂ ਉਹ ਸੰਦੀਪ ਨੂੰ ਮਿਲਿਆ ਸੀ ਤਾਂ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ ਕਿਉਂਕਿ ਉਹ ਕਈ ਦਿਨਾਂ ਤੋਂ ਭੁੱਖਾ ਸੀ।

ਇਸ ਤਰ੍ਹਾਂ ਆਇਆ ਸੀ ਟ੍ਰੈਵਲ ਏਜੰਟ ਦੇ ਸੰਪਰਕ ’ਚ

ਗੁਰਦੇਵ ਸਿੰਘ ਨੇ ਦੱਸਿਆ ਕਿ ਅਮਰੀਕਾ ਬੈਠੇ ਟ੍ਰੈਵਲ ਏਜੰਟ ਜ਼ਰੀਏ ਉਸ ਦੇ ਨਕੋਦਰ ਬੈਠੇ ਸਬ ਏਜੰਟ ਦੇ ਸੰਪਰਕ ’ਚ ਆਇਆ। ਉਹ ਉਸ ਨੂੰ ਮਿਲੇ ਨਹੀਂ ਪਰ ਇਕ ਵਾਰ ਉਨ੍ਹਾਂ ਦੀ ਟੈਲੀਫੋਨ ’ਤੇ ਉਸ ਨਾਲ ਗੱਲ ਹੋਈ ਸੀ। ਸਤੰਬਰ 2024 ’ਚ ਏਜੰਟ ਨੇ ਉਸ ਨੂੰ ਅਮਰੀਕਾ ਭੇਜਣ ਦਾ ਕਿਹਾ ਸੀ, ਸੰਦੀਪ ਘਰੋਂ ਨਿਕਲ ਵੀ ਗਿਆ ਪਰ ਇਕ ਮਹੀਨਾ ਦਿੱਲੀ ’ਚ ਰਹਿਣ ਤੋਂ ਬਾਅਦ ਵਾਪਸ ਜਲੰਧਰ ਆਪਣੇ ਘਰ ਆ ਗਿਆ। ਫਿਰ ਉਹ ਨਵੰਬਰ ’ਚ ਦੁਬਾਰਾ ਅਮਰੀਕਾ ਜਾਣ ਲਈ ਨਿਕਲਿਆ ਤੇ ਫਿਰ ਤਿੰਨ ਮਹੀਨੇ ਦਿੱਲੀ, ਮਲੇਸ਼ੀਆ, ਥਾਈਲੈਂਡ ਵਰਗੇ ਛੋਟੇ-ਛੋਟੇ ਦੇਸ਼ਾਂ ’ਚ ਘੁਮਾਇਆ ਗਿਆ। ਇੱਥੋਂ ਹੀ ਮਲੇਸ਼ੀਆ, ਬੈਲਜੀਅਮ, ਪਨਾਮਾ, ਮੈਕਸਿਕੋ ਹੁੰਦੇ ਹੋਏ ਡੰਕੀ ਰੂਟ ਤੋਂ ਅਮਰੀਕਾ ਭੇਜਿਆ ਗਿਆ ਸੀ।—-

ਕਰਤਾਰਪੁਰ ਦੇ ਗੁਰਪ੍ਰੀਤ ਦੀ ਵੀ ਹੋਵੇਗੀ ਅਮਰੀਕਾ ਤੋਂ ਵਾਪਸੀ

ਅਮਰੀਕਾ ਟਰੰਪ ਸਰਕਾਰ ਐਤਵਾਰ ਨੂੰ 157 ਲੋਕਾਂ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਰਿਹਾ ਹੈ, ਇਨ੍ਹਾਂ ’ਚ ਦੋ ਮਹੀਨੇ ਪਹਿਲਾਂ ਗਿਆ ਗੁਰਪ੍ਰੀਤ ਭੁੱਲਰ ਵੀ ਸ਼ਾਮਲ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਮੁਹੱਲਾ ਭਾਈਚਾਰਾ ਕਰਤਾਰਪੁਰ ਦੇ ਨਿਵਾਸ ਸਥਾਨ ’ਤੇ ਪਹੁੰਚੇ ਤਾਂ ਪਤਾ ਲੱਗਾ ਕਿ ਜਿਸ ਮਕਾਨ ’ਚ ਉਹ ਪਹਿਲਾਂ ਰਹਿੰਦੇ ਸੀ ਉਸ ਨੂੰ ਵੇਚ ਦਿੱਤਾ ਗਿਆ ਸੀ ਤੇ ਇਨ੍ਹਾਂ ਨੇ ਡੇਰਾ ਬਾਬਾ ਬੋਹੜ ਸ਼ਾਹ ਰੋਡ ਕੋਲ ਆਪਣੀ ਇਕ ਕੋਠੀ ਤਿਆਰ ਕੀਤੀ ਸੀ ਤੇ ਗੁਰਪ੍ਰੀਤ ਉੱਥੇ ਰਹਿੰਦਾ ਸੀ। ਪੱਤਰਕਾਰ ਉਥੇ ਪਹੁੰਚੇ ਤਾਂ ਪਤਾ ਲੱਗਾ ਕਿ ਗੁਰਪ੍ਰੀਤ 2 ਮਹੀਨੇ ਪਹਿਲਾਂ ਦੋ ਕਮਰੇ ਪ੍ਰਵਾਸੀਆਂ ਨੂੰ ਕਿਰਾਏ ’ਤੇ ਦੇ ਕੇ ਗਿਾ ਸੀ ਤੇ ਗੁਰਪ੍ਰੀਤ ਦੇ ਭਰਾ, ਭੈਣਾਂ ਤੇ ਹੋਰ ਰਿਸ਼ਤੇਦਾਰ ਪਹਿਲਾਂ ਹੀ ਅਮਰੀਕਾ ’ਚ ਸੈਟਲ ਹਨ ਤੇ ਗੁਰਪ੍ਰੀਤ ਵੀ ਕਾਫ਼ੀ ਸਮੇਂ ਤੋਂ ਉੱਥੇ ਪਹੁੰਚਣ ਦੀ ਤਿਆਰੀ ਕਰ ਰਿਹਾ ਸੀ। ਇਸ ਸਬੰਧੀ ਘਰ ’ਚ ਰਹਿਣ ਵਾਲੀ ਪ੍ਰਵਾਸੀ ਸਪਨਾ ਨੇ ਦੱਸਿਆ ਕਿ ਗੁਰਪ੍ਰੀਤ 2 ਮਹੀਨੇ ਪਹਿਲਾਂ ਉੱਥੋਂ ਚਲਾ ਗਿਆ ਸੀ ਅਤੇ ਉਸ ਦਾ ਫ਼ੋਨ ਵੀ ਨਹੀਂ ਲੱਗ ਰਿਹਾ ਸੀ ਤੇ ਉਸ ਨੂੰ ਕੁਝ ਨਹੀਂ ਪਤਾ ਸੀ ਕਿ ਉਹ ਕਿੱਥੇ ਗਿਆ ਸੀ। ਇਸ ਕੋਠੀ ਦੇ ਬਿਲਕੁਲ ਨਾਲ ਵਾਲੀ ਕੋਠੀ ਵੀ ਗੁਰਪ੍ਰੀਤ ਦੇ ਚਾਚੇ ਦੀ ਹੈ ਤੇ ਉਹ ਵੀ ਵਿਦੇਸ਼ ’ਚ ਹੈ। ਘਰ ’ਚ ਰਹਿਣ ਵਾਲੇ ਕਿਰਾਏਦਾਰ ਰਾਜੇਸ਼ ਕੁਮਾਰ ਨੇ ਦੱਸਿਆ ਕਿ 15 ਦਿਨ ਪਹਿਲਾਂ ਹੀ ਅਸੀਂ ਆਪਣੇ ਮਾਲਕ ਗੁਰਪ੍ਰੀਤ ਦੇ ਚਾਚੇ ਨਾਲ ਗੱਲ ਕੀਤੀ ਸੀ ਤੇ ਉਹ ਕਹਿ ਰਹੇ ਸਨ ਕਿ ਗੁਰਪ੍ਰੀਤ ਅਜੇ ਤੱਕ ਨਹੀਂ ਪਹੁੰਚਿਆ। ਪਰ ਕੋਠੀ ’ਚ ਰਹਿਣ ਵਾਲੇ ਦੋਵਾਂ ਲੋਕਾਂ ਨੂੰ ਗੁਰਪ੍ਰੀਤ ਬਾਰੇ ਕੁਝ ਨਹੀਂ ਪਤਾ ਸੀ।

Related Articles

Leave a Reply

Your email address will not be published. Required fields are marked *

Back to top button