Punjab

ਸ਼ਹਿਰ ’ਚ ਨਾਜਾਇਜ਼ ਟ੍ਰੈਵਲ ਏਜੰਟਾਂ ਦਾ ਜਾਲ, ਕਈ ਹੋਏ ਅੰਡਰਗਰਾਉਂਡ

ਜਲੰਧਰ, 16 ਫਰਵਰੀ- ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਨੌਜਵਾਨਾਂ ਦੀ ਵਾਪਸੀ ਦੇ ਨਾਲ-ਨਾਲ ਪਤਾ ਚੱਲ ਰਿਹਾ ਹੈ ਕਿ ਸ਼ਹਿਰ ’ਚ ਟ੍ਰੈਵਲ ਏਜੰਟਾਂ ਦਾ ਮਕੜਜਾਲ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਜਲੰਧਰ ਸ਼ਹਿਰ ਦੇ ਹਰ ਕੰਢੇ ’ਚ ਟ੍ਰੈਵਲ ਏਜੰਟਾਂ ਦਾ ਜਾਲ ਫੈਲਿਆ ਹੋਇਆ ਹੈ। ਦੁਆਬਾ ਖੇਤਰ ’ਚ ਜਲੰਧਰ ਟ੍ਰੈਵਲ ਏਜੰਟਾਂ ਦਾ ਗੜ੍ਹ ਹੈ। ਕਾਨੂੰਨੀ ਲੋਕਾਂ ਨਾਲੋਂ ਦੁੱਗਣੇ ਤੋਂ ਵੱਧ ਗੈਰ-ਕਾਨੂੰਨੀ ਹਨ। ਬੱਸ ਸਟੈਂਡ, ਅਰਬਨ ਅਸਟੇਟ, ਰਾਮਾ ਮੰਡੀ ਵਰਗੇ ਇਲਾਕੇ ਟ੍ਰੈਵਲ ਏਜੰਟ ਦਾ ਗੜ੍ਹ ਬਣੇ ਹੋਏ ਹਨ। ਸਿਰਫ ਬੱਸ ਸਟੈਂਡ ਕੋਲ ਹੀ 200 ਤੋਂ ਵੱਧ ਟ੍ਰੈਵਲ ਏਜੰਟ, ਜਿਨ੍ਹਾਂ ’ਚ ਲਾਇਸੈਂਸ ਤੇ ਬਿਨਾਂ ਲਾਇਸੈਂਸ ਵਾਲੇ ਸ਼ਾਮਲ ਹਨ, ਸਥਿਤ ਹਨ। ਉੱਥੇ ਆਸ-ਪਾਸ ਦੇ ਏਰੀਆ ਗੜ੍ਹਾ, ਅਰਬਨ ਅਸਟੇਟ ਸਮੇਤ ਹੋਰ ਇਲਾਕਿਆਂ ’ਚ ਵੀ ਟ੍ਰੈਵਲ ਆਪਣਾ ਅੱਡਾ ਬਣਾ ਚੁੱਕੇ ਹਨ। ਬੀਤੇ ਇਕ ਸਾਲ ’ਚ ਸੈਂਕੜਾਂ ਟ੍ਰੈਵਲ ਏਜੰਟ ਲੋਕਾਂ ਦੇ ਖੂਨ-ਪਸੀਨੇ ਦੇ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਚੁੱਕੇ ਹਨ ਤੇ ਜ਼ਿਆਦਾਤਰ ਕੇਸ ਪੁਲਿਸ ਦੀਆਂ ਫਾਈਲਾਂ ’ਚ ਦਫਨ ਹੋ ਕੇ ਰਹਿ ਗਏ ਹਨ। ਅਜਿਹਾ ਨਹੀਂ ਹੈ ਕਿ ਪੁਲਿਸ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਬਣੇ ਲੋਕਾਂ ਦੇ ਮਾਮਲੇ ਦਰਜ ਨਹੀਂ ਕਰਦੀ ਹੈ ਪਰ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਜਾਂਚ ’ਚ ਕਈ ਅਜਿਹੇ ਪੇਚ ਫਸ ਜਾਂਦੇ ਹਨ ਕਿ ਸਾਲਾਂ ਤੱਕ ਕੇਸ ਹੱਲ ਨਹੀਂ ਹੁੰਦਾ ਤੇ ਫਿਰ ਫਾਈਲਾਂ ’ਚ ਦੱਬ ਕੇ ਰਹਿ ਜਾਂਦਾ ਹੈ। ਉੱਥੇ ਟ੍ਰੈਵਲ ਏਜੰਟਾਂ ਦੀ ਪੁਲਿਸ ਨਾਲ ਮਿਲੀਭੁਗਤ ਦੇ ਚੱਲਦੇ ਵੀ ਕਈ ਟ੍ਰੈਵਲ ਏਜੰਟ ਕੇਸ ਨੂੰ ਇਸ ਤਰ੍ਹਾਂ ਉਲਝਾ ਲੈਂਦੇ ਹਨ ਕਿ ਸ਼ਿਕਾਇਤ ਦੇਣ ਵਾਲੇ ਅੱਧੇ ਪੌਣੇ ਪੈਸਿਆਂ ’ਚ ਸ਼ਿਕਾਇਤ ਵਾਪਸ ਲੈਣ ਲਈ ਮੰਨ ਜਾਂਦਾ ਜਾਂ ਫਿਰ ਕੇਸ ਹੀ ਵਾਪਸ ਲੈਣ ਨੂੰ ਮਜਬੂਰ ਹੋ ਜਾਂਦਾ ਹੈ। ਜਲੰਧਰ ਜ਼ਿਲ੍ਹੇ ’ਚ ਬੀਤੇ ਇਕ ਸਾਲ ’ਚ ਚਾਰ ਸੌ ਤੋਂ ਵੱਧ ਠੱਗ ਟ੍ਰੈਵਲ ਏਜੰਟਾਂ ’ਤੇ ਕੇਸ ਦਰਜ ਹੋਏ ਹਨ ਤੇ ਉਨ੍ਹਾਂ ’ਚੋਂ 100 ਦੇ ਕਰੀਬ ਤਾਂ ਇੱਕਲੇ ਬੱਸ ਸਟੈਂਡ ਦੇ ਆਸ-ਪਾਸ ਦੇ ਇਲਾਕਿਆਂ ’ਚ ਬੈਠੇ ਟ੍ਰੈਵਲ ਏਜੰਟਾਂ ਖਿਲਾਫ ਹੀ ਹੋਏ ਹਨ। — ਲੋਕਾਂ ਨੂੰ ਫਸਾਉਣ ਦੇ ਕਈ ਤਰੀਕੇ ਹਨ ਟ੍ਰੈਵਲ ਏਜੰਟਾਂ ਕੋਲ ਟ੍ਰੈਵਲ ਏਜੰਟਾਂ ਕੋਲ ਇਸ ਤਰ੍ਹਾਂ ਦੇ ਬਹੁਤੇ ਤਰੀਕੇ ਹਨ, ਜਿਨ੍ਹਾਂ ਰਾਹੀਂ ਉਹ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਂਦੇ ਹਨ। ਲਾਇਸੈਂਸ ਨਾ ਹੋਣ ਦੇ ਬਾਵਜੂਦ ਖ਼ੁਦ ਨੂੰ ਲਾਇਸੈਂਸਸ਼ੁਦਾ ਦੱਸ ਕੇ ਇੰਟਰਨੈੱਟ ਮੀਡੀਆ ’ਤੇ ਆਪਣੇ ਕੰਮ ਦਾ ਪ੍ਰਚਾਰ ਇਸ਼ਤਿਹਾਰ ਰਾਹੀਂ ਪਾ ਕੇ ਲੋਕਾਂ ਨੂੰ ਫਸਾਉਂਦੇ ਹਨ। ਇਸ ਤੋਂ ਇਲਾਵਾ ਆਪਣੇ ਸਬੰਧਾਂ ਦਾ ਫਾਇਦਾ ਚੁੱਕ ਕੇ ਲੋਕਾਂ ਨੂੰ ਜਲਦ ਤੇ ਘੱਟ ਪੈਸਿਆਂ ’ਚ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਫਸਾਉਂਦੇ ਹਨ। ਇਸ ਤੋਂ ਇਲਾਵਾ ਕੰਮ ਕਰਕੇ ਰੱਖੇ ਲੜਕੇ-ਲੜਕੀਆਂ ਨੂੰ ਅੱਗੇ ਕਰਕੇ ਉਨ੍ਹਾਂ ਰਾਹੀਂ ਉਨ੍ਹਾਂ ਦੇ ਪਛਾਣਨ ਵਾਲਿਆਂ ਨੂੰ ਫਸਾਉਂਦੇ ਹਨ। ਉੱਥੇ ਹੀ ਕਮਿਸ਼ਨ ਦਾ ਲਾਲਚ ਦੇ ਕੇ ਲੋਕਾਂ ਨੂੰ ਗਾਹਕ ਭੇਜਣ ਲਈ ਕਹਿੰਦੇ ਹਨ ਤੇ ਫਿਰ ਠੱਗੀ ਕਰ ਕੇ ਫਰਾਰ ਹੋ ਜਾਂਦੇ ਹਨ। — ਕਿੱਥੇ ਰੁੱਕ ਜਾਂਦੀ ਹੈ ਟ੍ਰੈਵਲ ਏਜੰਟਾਂ ਵਿਰੁੱਧ ਜਾਂਚ ਲੋਕਾਂ ਨੂੰ ਫਸਾਉਣ ਲਈ, ਟ੍ਰੈਵਲ ਏਜੰਟ ਉਨ੍ਹਾਂ ਤੋਂ ਰਿਕਾਰਡ ਰਕਮ ਤੋਂ ਘੱਟ ਪੈਸੇ ਵਸੂਲਦੇ ਹਨ। ਜਿਵੇਂ ਅਮਰੀਕਾ ਭੇਜਣ ਦੇ ਨਾਮ ’ਤੇ 40 ਲੱਖ ਰੁਪਏ ਮੰਗਦੇ ਹਨ, ਤਾਂ ਉਹ ਰਿਕਾਰਡ ’ਤੇ ਸਿਰਫ਼ 4 ਤੋਂ 5 ਲੱਖ ਰੁਪਏ ਮੰਗਵਾਉਂਦੇ ਹਨ ਤੇ ਬਾਕੀ ਪੈਸੇ ਨਕਦ ਲੈ ਲੈਂਦੇ ਹਨ। ਜਦੋਂ ਧੋਖਾਧੜੀ ਦੇ ਪੀੜਤ ਪੁਲਿਸ ਕੋਲ ਸ਼ਿਕਾਇਤ ਲੈ ਕੇ ਜਾਂਦੇ ਹਨ ਤਾਂ ਜਿੰਨੀ ਰਕਮ ਲਿਖਵਾਉਂਦੇ ਹਨ ਉਸ ਦਾ ਕੋਈ ਰਿਕਾਰਡ ਨਹੀਂ ਦੇ ਪਾਉਂਦੇ ਹਨ। ਇਸ ਕਾਰਨ ਜਾਂਚ ਪੂਰੀ ਨਹੀਂ ਹੋ ਪਾਉਦੀ। ਪੁਲਿਸ ਵਾਲੇ ਬੈਂਕ ਸਟੇਟਮੈਂਟ ਮੰਗਵਾਉਂਦੇ ਹਨ ਉਹ ਕਿਸੇ ਕੰਮ ਦੇ ਬਦਲੇ ਦਿੱਤੇ ਪੈਸਿਆਂ ਦੀ ਹੁੰਦੀ ਹੈ ਜੋ ਇਹ ਸਾਬਤ ਨਹੀਂ ਕਰਦੀ ਕਿ ਪੈਸੇ ਕਿਸੇ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਲਏ ਗਏ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਪੁਲਿਸ ਵਾਲੇ, ਟ੍ਰੈਵਲ ਏਜੰਟਾਂ ਤੋਂ ਪੈਸੇ ਲੈ ਕੇ, ਜਾਂਚ ਨੂੰ ਲੰਮਾ ਕਰਦੇ ਰਹਿੰਦੇ ਹਨ ਤੇ ਪੀੜਤ ਨੂੰ ਕਾਗਜ਼ੀ ਕਾਰਵਾਈ ’ਚ ਇਸ ਤਰ੍ਹਾਂ ਉਲਝਾਉਂਦੇ ਹਨ ਕਿ ਉਸ ਨੂੰ ਕੇਸ ਵਾਪਸ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। — ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ -ਵਿਦੇਸ਼ ਜਾਣ ਤੋਂ ਪਹਿਲਾਂ, ਟ੍ਰੈਵਲ ਏਜੰਟ ਦੇ ਲਾਇਸੈਂਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। -ਏਜੰਟ ਤੋਂ ਲਾਇਸੈਂਸ ਨੰਬਰ ਤੇ ਲਾਇਸੈਂਸ ਦੀ ਮਿਆਦ ਦੀ ਜਾਣਕਾਰੀ ਪ੍ਰਾਪਤ ਕਰੋ। -ਫਰਜ਼ੀ ਆਈਲੈਟਸ ਕਰਵਾਉਣ ਵਾਲਿਆਂ ਕੋਲ ਨਾ ਜਾਓ। -ਕਿਸੇ ਵੀ ਗਲਤ ਢੰਗ ਨਾਲ ਬੈਂਕ ਖਾਤਿਆਂ ’ਚ ਪੈਸੇ ਜਮ੍ਹਾ ਨਾ ਕਰੋ। -ਤੁਸੀਂ ਇੰਟਰਨੈੱਟ ਮੀਡੀਆ ਤੋਂ ਟ੍ਰੈਵਲ ਏਜੰਟਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। -ਨਕਦ ਭੁਗਤਾਨ ਕਰਨ ਦੀ ਬਜਾਏ ਖਾਤੇ ’ਚ ਪੈਸੇ ਟ੍ਰਾਂਸਫਰ ਕਰੋ।

Related Articles

Leave a Reply

Your email address will not be published. Required fields are marked *

Back to top button