
ਜਲੰਧਰ, 29 ਅਗਸਤ : ਕਮਿਸ਼ਨਰੇਟ ਪੁਲਿਸ ਵੱਲੋਂ ਬੀਤੇ ਤਿੰਨ ਦਿਨਾਂ ਅੰਦਰ ਨਸ਼ਿਆ ਖਿਲਾਫ਼ ਸ਼ਹਿਰ ਵਿਚ ਵੱਖ-ਵੱਖ ਕਾਰਵਾਈਆਂ ਕੀਤੀਆਂ ਗਈਆਂ। ਜਿਸ ਦੌਰਾਨ 19 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 348.24 ਗ੍ਰਾਂਮ ਹੈਰਇਨ, 65 ਪਾਬੰਦੀਸ਼ੁਦਾ ਗੋਲੀਆਂ ਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਕਮਿਸ਼ਨਰੇਟ ਜਲੰਧਰ ਦੇ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਟੀਮਾਂ ਨੇ ਜੀਓ ਅਫਸਰਾਂ ਦੀ ਨਿਗਰਾਨੀ ਹੇਠ ਕਈ ਸ਼ੱਕੀ ਥਾਵਾਂ ’ਤੇ ਨਾਕਾਬੰਦੀ ਤੇ ਛਾਪੇਮਾਰੀਆਂ ਕੀਤੀਆਂ। ਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ 19 ਮੁਲਜ਼ਮ, ਜੋ ਪਾਬੰਦੀਸ਼ੁਦਾ ਗਤੀਵਿਧੀਆਂ ਵਿਚ ਸ਼ਾਮਲ ਸਨ, ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਅਧੀਨ 12 ਮੁਕੱਦਮੇ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ। ਪੁਲਿਸ ਨੇ ਗ੍ਰਿਫਤਾਰ ਮੁਲਜ਼ਮਾਂ ਦੇ ਕਬਜ਼ੇ ’ਚੋਂ 348.24 ਗ੍ਰਾਮ ਹੈਰੋਇਨ ਤੇ 65 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਇਨ੍ਹਾਂ ਮੁਲਜ਼ਮਾਂ ’ਚ ਕੁੱਝ ਦੋਸ਼ੀ ਅਜਿਹੇ ਹਨ ਜੋ ਪਹਿਲਾਂ ਵੀ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਰਹੇ ਹਨ। ਇਸ ਕਾਰਵਾਈ ਦੌਰਾਨ ਪੁਲਿਸ ਟੀਮ ਥਾਣਾ ਰਾਮਾ ਮੰਡੀ ਵੱਲੋਂ ਇਕ ਕਾਰ ਕਬਜ਼ੇ ਵਿਚ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਵਾਇਆਂ ਦੌਰਾਨ ਪੁਲਿਸ ਟੀਮ ਨੇ ਥਾਣਾ ਡਵੀਜ਼ਨ ਨੰ. 7 ਵਿਚ ਨਸ਼ਿਆਂ ਖਿਲਾਫ਼ ਸਫਲਤਾ ਹਾਸਲ ਕਰਦਿਆਂ ਇਕ ਮੁਲਜ਼ਮ ਨੂੰ 10 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਤੋ ਪੁੱਛ-ਗਿੱਛ ਦੌਰਾਨ ਉਸ ਦੇ ਸੰਪਰਕਾਂ ਦੀ ਪੜਤਾਲ ਕਰ ਕੇ ਇਸ ਡਰੱਗ ਰੈਕੇਟ ਨਾਲ ਜੁੜੇ ਹੋਰ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜੇ ਵਿੱਚੋਂ ਹੋਰ 281 ਗ੍ਰਾਮ ਹੈਰੋਇਨ ਤੇ ਇਕ ਕਾਰ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ, ਨਸ਼ਾ ਵੇਚਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ਾ ਕਰਨ ਦੇ ਆਦੀ ਵਿਅਕਤੀਆ ਦੇ ਪੁਨਰਵਾਸ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਜਿਸ ਦੇ ਤਹਿਤ ਕੁੱਲ 17 ਵਿਅਕਤੀਆਂ ਨੂੰ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਊ ਕੇਂਦਰਾ ਵਿਚ ਦਾਖਲ ਕਰਵਾਇਆ ਗਿਆ।



