
ਬਟਾਲਾ, 11 ਜੁਲਾਈ : ਜਿਉ ਜਿਉ ਤਕਨੀਕ ਵਧਦੀ ਜਾ ਰਹੀ ਹੈ, ਤਿਉਂ ਤਿਉਂ ਪੁਰਾਣੇ ਸਮੇਂ ਦੀਆਂ ਮਸ਼ੀਨਾਂ ਦਾ ਯੁੱਗ ਖਤਮ ਹੁੰਦਾ ਜਾ ਰਿਹਾ ਹੈ। ਅਜੋਕੇ ਯੁੱਗ ’ਚ ਵਧੀ ਮਨੁੱਖ ਦੀ ਦੌੜ ਦੇ ਨਾਲ ਪੰਜਾਬ ਦਾ ਅਮੀਰ ਵਿਰਸਾ ਆਪਣੇ ਪੁਰਾਤਨ ਕਲਾ ਕਿਰਤੀਆਂ ’ਤੇ ਮਸ਼ੀਨਰੀ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਅੰਗਰੇਜ਼ਾਂ ਦੇ ਰਾਜ ਕਾਲ ’ਚ ਨਹਿਰਾਂ ਦੇ ਕੰਢੇ ਆਟਾ ਪੀਸਣ ਲਈ ਘਰਾਟ ਬਣਾਏ ਗਏ ਸਨ, ਜੋ ਹੌਲੀ ਹੌਲੀ ਪੰਜਾਬ ’ਚੋਂ ਖਤਮ ਹੋ ਗਏ ਹਨ। ਜ਼ਿਲ੍ਹਾ ਗੁਰਦਾਸਪੁਰ ਅੰਦਰ ਕਸਬਾ ਅਲੀਵਾਲ ’ਚ ਅਪਰ ਦੁਆਬ ਨਹਿਰ ਅਤੇ ਨਜ਼ਦੀਕੀ ਪਿੰਡ ਪਾਰੋਵਾਲ ਵਿਖੇ ਲਾਹੌਰ ਨਹਿਰ ’ਤੇ ਬਣਾਏ ਘਰਾਟ ਖਤਮ ਹੁੰਦੇ ਜਾ ਰਹੇ ਹਨ। ਬਟਾਲਾ ਤੋਂ 8 ਕਿਲੋਮੀਟਰ ਦੂਰ ਪਿੰਡ ਅਲੀਵਾਲ ਵਿੱਚ ਅੰਗਰੇਜ਼ ਕਾਲ ਦੀਆਂ ਕਣਕ ਪੀਸਣ ਵਾਲੀਆਂ ਚੱਕੀਆਂ ਹਨ, ਜੋ ਅਜੇ ਵੀ ਚੱਲ ਰਹੀਆਂ ਹਨ। ਕਸਬਾ ਅਲੀਵਾਲ ਅਤੇ ਪਾਰੋਵਾਲ ਵਿਖੇ ਬਣੇ ਘਰਾਟ ਲਗਭਗ 200 ਸਾਲ ਪੁਰਾਣੇ ਦੱਸੇ ਜਾਂਦੇ ਹਨ। ਇਨ੍ਹਾਂ ਘਰਾਟ ਚੱਕੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਜਲੀ ਨਾਲ ਨਹੀਂ, ਸਗੋਂ ਪਾਣੀ ਨਾਲ ਚੱਲਦੀਆਂ ਹਨ। ਅੱਪਰ ਦੁਆਬ ਨਹਿਰਾਂ ਅਲੀਵਾਲ ਵਿੱਚ ਨਿਕਲਦੀਆਂ ਹਨ, ਨਹਿਰ ਦੇ ਉੱਪਰ ਬਣੇ ਘਰਾਟ ਦੇ ਇੱਕ ਹਿੱਸੇ ਜਿਸ ਵਿੱਚ ਪੱਖਾ ਲੱਗਾ ਹੋਇਆ ਹੈ, ਜਦ ਨਹਿਰ ਦਾ ਪਾਣੀ ਉਸ ਪੱਖੇ ਤੇ ਡਿੱਗਦਾ ਹੈ ਤਾਂ ਪਾਣੀ ਦੇ ਜ਼ੋਰ ਨਾਲ ਪੱਖਾ ਚੱਲਦਾ ਹੈ ਤੇ ਅਗਾਹਾਂ ਲੱਗੀ ਆਟਾ ਚੱਕੀ ਨੂੰ ਘੁਮਾਉਂਦਾ ਹੈ। ਅੰਗਰੇਜ਼ਾਂ ਤੇ ਚਲੇ ਜਾਣ ਤੋਂ ਬਾਅਦ ਆਜ਼ਾਦੀ ਮਿਲਣ ਉਪਰੰਤ ਇਨਾਂ ਘਰਾਟ ਚੱਕੀਆਂ ਤੇ ਹੀ ਪਿੰਡਾਂ ਦੇ ਲੋਕ ਆਟਾ ਫਸਾਉਂਦੇ ਸਨ। ਨਹਿਰਾਂ ਦੇ ਪਾਣੀ ਨਾਲ ਚੱਲਣ ਵਾਲੇ ਇਹਨਾਂ ਘਰਾਟਾਂ ਅੰਦਰ ਲੱਗੀਆਂ ਚੱਕੀਆਂ ਦੀ ਰਫਤਾਰ ਬਿਜਲਈ ਚੱਕੀਆਂ ਨਾਲੋਂ ਘੱਟ ਹੋਣ ਕਾਰਨ ਆਟਾ ਪੀਸਣ ਚ ਟਾਈਮ ਲੱਗਦਾ ਹੈ ਜਿਸ ਕਾਰਨ ਹੌਲੀ ਹੌਲੀ ਲੋਕ ਬਿਜਲਈ ਆਟਾ ਚੱਕੀਆਂ ਵੱਲ ਹੋ ਤੁਰੇ ਅਤੇ ਇਹਨਾਂ ਘਰਾਟਾਂ ਤੇ ਰੌਣਕ ਘਟਣੀ ਸ਼ੁਰੂ ਹੋ ਗਈ। ਉਧਰ ਇਹਨਾਂ ਘਰਾਟਾਂ ਦੀ ਬਿਲਡਿੰਗ ਦੀ ਹਾਲਤ ਵੀ ਮਾੜੀ ਹੋ ਗਈ ਹੈ। ਸਰਕਾਰ ਵੱਲੋਂ ਪੁਰਾਣੀਆਂ ਵਿਰਾਸਤਾਂ ਨੂੰ ਸਾਂਭਣ ਲਈ ਕੋਈ ਵੀ ਯਤਨ ਨਹੀਂ ਹੋਇਆ।



