
ਤਰਨ ਤਾਰਨ, 8 ਫਰਵਰੀ- ਪਿੰਡ ਸੈਦੋ ’ਚ ਤਫ਼ਤੀਸ਼ ਕਰਨ ਗਈ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਪਾਰਟੀ ਉੱਪਰ ਇਕ ਪਰਵਿਾਰ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ‘ਚ ਸੀਨੀਅਰ ਸਿਪਾਹੀ ਦੀ ਵਰਦੀ ਵੀ ਪਾੜ ਦਿੱਤੀ ਗਈ। ਪੁਲਿਸ ਨੇ ਤਿੰਨ ਔਰਤਾਂ ਸਮੇਤ ਪੰਜ ਲੋਕਾਂ ਖ਼ਿਲਾਫ਼ ਥਾਣਾ ਸਦਰ ਪੱਟੀ ’ਚ ਕੇਸ ਦਰਜ ਕਰ ਲਿਆ ਹੈ। ਨਾਮਜ਼ਦ ਸਾਰੇ ਵਿਅਕਤੀ ਫ਼ਰਾਰ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਰਸਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸੈਦੋ, ਆਪਣੇ ਪਿੰਡ ਦੇ ਹੀ ਅੰਮ੍ਰਿਤਪਾਲ ਸਿੰਘ ਪੁੱਤਰ ਨਿਰਮਲ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਏਐੱਸਆਈ ਕੰਵਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਉਕਤ ਮਾਮਲੇ ਦੀ ਤਫ਼ਤੀਸ਼ ਲਈ ਪਿੰਡ ਸੈਦੋ ਰਸਾਲ ਸਿੰਘ ਦੇ ਘਰ ਪਹੁੰਚੇ। ਪੁੱਛਗਿੱਛ ਦੌਰਾਨ ਰਸਾਲ ਸਿੰਘ ਤੈਸ਼ ’ਚ ਆ ਗਿਆ ਤੇ ਪੁਲਿਸ ਪਾਰਟੀ ਨੂੰ ਬੰਧਕ ਬਣਾਉਣ ਦਾ ਫੁਰਮਾਨ ਆਪਣੇ ਪਰਿਵਾਰ ਨੂੰ ਦੇ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਦੀਆਂ ਔਰਤਾਂ ਸਣੇ ਸਾਰੇ ਲੋਕ ਪੁਲਿਸ ਨਾਲ ਹੱਥੋਪਾਈ ਕਰਨ ਲੱਗੇ ਅਤੇ ਸੀਨੀਅਰ ਸਿਪਾਹੀ ਜਤਿੰਦਰ ਸਿੰਘ ਦੀ ਵਰਦੀ ਪਾੜ ਦਿੱਤੀ ਗਈ। ਥਾਣਾ ਸਦਰ ਤਰਨਤਾਰਨ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਕੰਵਰਪਾਲ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਰਸਾਲ ਸਿੰਘ ਪੁੱਤਰ ਕਸ਼ਮੀਰ ਸਿੰਘ, ਉਸਦੀ ਮਾਤਾ ਸੁਖਰਾਜ ਕੌਰ, ਪਤਨੀ ਜੋਤੀ, ਲੜਕੇ ਕਨਵਰ ਸਿੰਘ ਵਾਸੀ ਸੈਦੋ ਤੋਂ ਇਲਾਵਾ ਜੋਤੀ ਕੌਰ ਪਤਨੀ ਅਰਸ਼ ਸਿੰਘ ਵਾਸੀ ਮਹਿਦੀਪੁਰ ਜੋ ਹੁਣ ਸੈਦੋ ਵਿਖੇ ਹੀ ਰਹਿ ਰਹੀ ਹੈ, ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ। ਨਾਮਜ਼ਦ ਲੋਕਾਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।



