ਖ਼ੂਨ ਦੇ ਰਿਸ਼ਤੇ ’ਚ ਰਜਿਸਟਰੀ ’ਤੇ ਵੀ ਲੱਗੇਗੀ ਸਟੈਂਪ ਡਿਊਟੀ, ਕੈਬਨਿਟ ਦੀ ਬੈਠਕ ’ਚ ਇਸ ਏਜੰਡੇ ਨੂੰ ਮਨਜ਼ੂਰੀ ਮਿਲਣ ਦੀ ਉਮੀਦ

ਚੰਡੀਗੜ੍ਹ, 8 ਫਰਵਰੀ- ਖ਼ੂਨ ਦੇ ਰਿਸ਼ਤੇ ’ਚ ਹੁਣ ਪ੍ਰਾਪਰਟੀ ਟਰਾਂਸਫਰ ਕਰਨ ’ਤੇ 2.5 ਫ਼ੀਸਦੀ ਤੱਕ ਦੀ ਸਟੈਂਪ ਡਿਊਟੀ ਦੇਣੀ ਪੈ ਸਕਦੀ ਹੈ। 10 ਫਰਵਰੀ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ ’ਚ ਜੇਕਰ ਇਸ ਏਜੰਡੇ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਖੂਨ ਦੇ ਰਿਸ਼ਤੇ ’ਚ ਪ੍ਰਾਪਰਟੀ ਟਰਾਂਸਫਰ ਹੋਣ ਵਾਲੀ ਮੁਫ਼ਤ ਦੀ ਸਹੂਲਤ ਬੰਦ ਹੋ ਜਾਏਗੀ। ਪਿਛਲੇ ਕਈ ਸਾਲਾਂ ਤੋਂ ਖੂਨ ਦੇ ਰਿਸ਼ਤੇ ’ਚ ਪ੍ਰਾਪਰਟੀ ਟਰਾਂਸਫਰ ਦੀ ਕੋਈ ਫੀਸ ਨਹੀਂ ਲੱਗਦੀ। ਸਿਰਫ਼ ਕੁਝ ਰੁਪਏ ਫੀਸ ਅਦਾ ਕਰਨੀ ਪੈਂਦੀ ਹੈ। ਵਿੱਤੀ ਸੰਕਟ ਨਾਲ ਜੂਝ ਰਹੀ ਸੂਬਾ ਸਰਕਾਰ ਨੂੰ ਨਿਸ਼ਚਿਤ ਰੂਪ ਨਾਲ ਇਸ ਫ਼ੈਸਲੇ ਨਾਲ ਹੋਰ ਆਮਦਨ ਹੋਵੇਗੀ। ਵਿਭਾਗ ਪਿਛਲੀਆਂ ਰਜਿਸਟਰੀਆਂ ਨੂੰ ਆਧਾਰ ਬਣਾ ਕੇ ਇਸਦੀ ਸਮੀਖਿਆ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਜੇਕਰ ਕੋਈ ਵਿਅਕਤੀ ਆਪਣੀ ਪ੍ਰਾਪਰਟੀ ਆਪਣੇ ਬੇਟਿਆਂ, ਬੇਟੀਆਂ, ਪੋਤਿਆਂ, ਪੋਤੀਆਂ, ਦੋਹਤਿਆਂ ਤੇ ਦੋਹਤੀਆਂ ਨੂੰ ਟਰਾਂਸਫਰ ਕਰਦਾ ਹੈ ਤਾਂ ਉਸਨੂੰ ਹੁਣ ਇਕ ਫ਼ੀਸਦੀ ਸਟੈਂਪ ਡਿਊਟੀ ਦੇਣੀ ਪਵੇਗੀ। ਦੂਜੇ, ਜੇਕਰ ਕੋਈ ਆਪਣੇ ਭਰਾ, ਪਤਨੀ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਪ੍ਰਾਪਟੀ ਟਰਾਂਸਫਰ ਕਰਦਾ ਹੈ ਤਾਂ ਉਸ ’ਤੇ 2.5 ਫ਼ੀਸਦੀ ਸਟੈਂਪ ਡਿਊਟੀ ਲਗਾਈ ਜਾਏਗੀ। ਪਹਿਲਾਂ ਇਸ ’ਤੇ ਛੋਟ ਸੀ। ਕੈਬਨਿਟ ’ਚ ਇਸਨੂੰ ਏਜੰਡੇ ਦੇ ਰੂਪ ’ਚ ਲਿਆਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ।



