ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ’ਚ ਤਾਲਾ ਲੱਗਣ ’ਤੇ ਵਿਵਾਦ
ਗਿਆਨੀ ਹਰਪੀਤ ਸਿੰਘ ਜਦੋਂ ਪ੍ਰੈੱਸ ਕਾਨਫਰੰਸ ਪੁੱਜੇ ਤਾਂ ਮਿਲਿਆ ਗੇਟ ਬੰਦ

ਸ੍ਰੀ ਅਨੰਦਪੁਰ ਸਾਹਿਬ, 17 ਅਗਸਤ : ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਮੁਤਵਾਜ਼ੀ) ਦੇ ਨਵੇਂ ਚੁਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਦੋਂ ਸਾਥੀਆਂ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੀਟਿੰਗ ਹਾਲ ਵਿਚ ਪ੍ਰੈੱਸ ਕਾਨਫਰੰਸ ਕਰਨ ਲਈ ਪੁੱਜੇ ਤਾਂ ਉਨ੍ਹਾਂ ਨੂੰ ਬੰਦ ਦਰਵਾਜ਼ੇ ਦਾ ਸਾਹਮਣਾ ਕਰਨਾ ਪਿਆ। ਮੀਟਿੰਗ ਹਾਲ ਦੇ ਮੁੱਖ ਗੇਟ ’ਤੇ ਤਾਲਾ ਲੱਗਾ ਦੇਖ ਕੇ ਉਨ੍ਹਾਂ ਦੇ ਸਾਥੀਆਂ ਨੇ ਇਸ ’ਤੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਅਤੇ ਦੋਸ਼ ਲਗਾਏ ਕਿ ਇਹ ਕਾਰਵਾਈ ਤਖ਼ਤ ਸਾਹਿਬ ਦੀ ਮੈਨੇਜਮੈਂਟ ਵੱਲੋਂ ਜਾਣ-ਬੁੱਝ ਕੇ ਕੀਤੀ ਗਈ ਹੈ, ਤਾਂ ਜੋ ਉਹਨਾਂ ਦੀ ਪ੍ਰੈੱਸ ਵਾਰਤਾ ਰੁਕ ਸਕੇ। ਇਨ੍ਹਾਂ ਦੋਸ਼ਾਂ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਦੋਸ਼ਾਂ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਦਿਵਸ ਸਮਾਗਮਾਂ ਨੂੰ ਸਮਰਪਿਤ ਸ਼ਸਤਰਾਂ ਦੀ ਬੱਸ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਲਈ ਅੱਜ ਤਖ਼ਤ ਸਾਹਿਬ ਤੋਂ ਤੋਰੀ ਗਈ ਹੈ। ਇਸ ਸਬੰਧੀ ਕੱਲ੍ਹ ਮੀਟਿੰਗ ਹਾਲ ਵਿੱਚ ਅਧਿਕਾਰਕ ਮੀਟਿੰਗ ਚੱਲ ਰਹੀ ਸੀ, ਜਿੱਥੇ ਕੁਝ ਕਮਰਿਆਂ ਵਿੱਚ ਟਾਈਲਾਂ ਦਾ ਕੰਮ ਵੀ ਜਾਰੀ ਸੀ। ਇਸ ਕਰਕੇ ਮਜਬੂਰਨ ਮੀਟਿੰਗ ਹਾਲ ਦੇ ਮੁੱਖ ਗੇਟ ਨੂੰ ਤਾਲਾ ਲਾਉਣਾ ਪਿਆ, ਤਾਂ ਜੋ ਅੰਦਰ ਹੋ ਰਹੀ ਮੀਟਿੰਗ ਤੇ ਕੰਮ ਵਿੱਚ ਕੋਈ ਵਿਘਨ ਨਾ ਪਵੇ। ਕੰਗ ਨੇ ਦੱਸਿਆ ਕਿ ਮੀਟਿੰਗ ਹਾਲ ਦਾ ਇੱਕ ਹੋਰ ਛੋਟਾ ਗੇਟ ਵੀ ਹੈ ਜੋ ਦੂਜੇ ਪਾਸੇ ਹੈ, ਜਿੱਥੋਂ ਅੰਦਰ ਆ ਕੇ ਅਸੀਂ ਮੀਟਿੰਗ ਕਰ ਰਹੇ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਤਖ਼ਤ ਸਾਹਿਬ ਦੇ ਦਰਵਾਜ਼ੇ ਹਰ ਇੱਕ ਆਉਣ ਵਾਲੇ ਲਈ ਖੁੱਲ੍ਹੇ ਹਨ ਅਤੇ ਮੀਟਿੰਗ ਲਈ ਜਗ੍ਹਾ ਨਾ ਦੇਣ ਵਾਲੀ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਧਿਆਤਮਕ ਸਥਾਨ ਹੈ, ਜਿੱਥੇ ਕਿਸੇ ਵੀ ਸ਼ਰਧਾਲੂ ਲਈ ਕੋਈ ਰੋਕ-ਟੋਕ ਨਹੀਂ ਹੈ। ਇਸ ਲਈ ਦੋਸ਼ ਲਗਾਉਣ ਤੋਂ ਪਹਿਲਾਂ ਸੱਚਾਈ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਘਟਨਾ ਤੋਂ ਬਾਅਦ ਅਕਾਲੀ ਦਲ ਦੇ ਸਮੱਰਥਕਾਂ ਵਿੱਚ ਕੁਝ ਨਾਰਾਜ਼ਗੀ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲਿਆ ਪਰ ਮੈਨੇਜਮੈਂਟ ਦੇ ਪੱਖ ਰੱਖਣ ਤੋਂ ਬਾਅਦ ਮਾਮਲਾ ਕਾਫੀ ਹੱਦ ਤੱਕ ਸ਼ਾਂਤ ਹੋ ਗਿਆ। ਹਾਲਾਂਕਿ ਇਹ ਘਟਨਾ ਤਖ਼ਤ ਸਾਹਿਬ ਦੇ ਧਾਰਮਿਕ ਤੇ ਰਾਜਨੀਤਿਕ ਗਲਿਆਰਿਆਂ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ।



