
ਫ਼ਿਰੋਜ਼ਪੁਰ, 22 ਮਾਰਚ (ਬਾਲ ਕਿਸ਼ਨ)– ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਵੱਲੋਂ ਅੱਜ ਸਕੂਲ ਮੁੱਖੀਆਂ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ। ਜਿਸ ਵਿੱਚ ਲਿੰਗ ਸਮਾਵੇਸ਼ ਅਤੇ ਨੇਤ੍ਰਤਵ ਹੁਨਰ ਦੇ ਮਹੱਤਵਪੂਰਨ ਵਿਸ਼ਿਆਂ ’ਤੇ ਧਿਆਨ ਕੇਂਦਰਤ ਕੀਤਾ ਗਿਆ। ਲਿੰਗ ਸਮਾਵੇਸ਼ ਉੱਤੇ ਲੈਕਚਰਾਰ ਗੌਰਵ ਮੁੰਜ਼ਾਲ, ਲੈਕਚਰਾਰ ਆਰਤੀ ਸਚਦੇਵਾ, ਲੈਕਚਰਾਰ ਗਗਨਦੀਪ ਗੱਖੜ ਡਾਇਟ ਫਿਰੋਜ਼ਪੁਰ ਵਲੋਂ ਸੈਸ਼ਨ ਲਿਆ ਗਿਆ, ਜਿਸ ਵਿੱਚ ਸਮਾਵੇਸ਼ੀ ਅਧਿਐਨ ਵਾਤਾਵਰਣ ਬਣਾਉਣ ਅਤੇ ਸਕੂਲਾਂ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਿਤਕਰਨ ਦੀ ਲੋੜ ’ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪੀਰਾਮਿਲ ਫਾਊਂਡੇਸ਼ਨ ਨੂੰ ਸੰਸਾਧਨ ਸਾਥੀ ਵਜੋਂ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਸਕੂਲ ਮੁੱਖੀਆ ਲਈ ਨੇਤ੍ਰਤਵ ਹੁਨਰ ਵਿਸ਼ੇ ’ਤੇ ਇੱਕ ਦਿਲਚਸਪ ਸੈਸ਼ਨ ਲਿਆ। ਉਨ੍ਹਾਂ ਦੇ ਮਾਹਿਰ ਪ੍ਰਸ਼ਿਕਸ਼ਕਾਂ ਨੇ ਅਸਰਦਾਰ ਸਕੂਲ ਨੇਤ੍ਰਤਵ, ਫੈਸਲਾ ਲੈਣ ਦੀ ਯੋਗਤਾ ਅਤੇ ਸਕਾਰਾਤਮਕ ਸਿੱਖਿਆ ਪਰਿਵੇਸ਼ ਵਿਕਸਿਤ ਕਰਨ ਦੀਆਂ ਰਣਨੀਤੀਆਂ ਬਾਰੇ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਇਹ ਪ੍ਰਸ਼ਿਖਣ ਡਾਇਟ ਫਿਰੋਜ਼ਪੁਰ ਦੇ ਪਿ੍ਰੰਸੀਪਲ ਸੀਮਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਦਿਨ ਦੀ ਸ਼ੁਰੂਆਤ ਕਰਦੇ ਹੋਏ ਸਮਾਵੇਸ਼ੀ ਸਿੱਖਿਆ ਪ੍ਰਤੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਸਕੂਲ ਮੁੱਖੀਆ ਨੂੰ ਸਹੀ ਗਿਆਨ ਅਤੇ ਹੁਨਰ ਨਾਲ ਸਸ਼ਕਤ ਕਰਨ ਦੀ ਲੋੜ ’ਤੇ ਚਰਚਾ ਕੀਤੀ। ਅੰਤਿਮ ਟਿੱਪਣੀਆਂ ਦੌਰਾਨ, ਉਨ੍ਹਾਂ ਨੇ ਸਕੂਲ ਮੁੱਖੀਆ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਸਿੱਖਿਆ ਖੇਤਰ ਵਿੱਚ ਨਿਰੰਤਰ ਪੇਸ਼ੇਵਰ ਵਿਕਾਸ ਦੀ ਲੋੜ ਉੱਤੇ ਜ਼ੋਰ ਦਿੱਤਾ। ਪਿ੍ਰੰਸੀਪਲ ਸੀਮਾ ਨੇ ਪੀਰਾਮਿਲ ਫਾਊਂਡੇਸ਼ਨ ਦੀ ਟੀਮ ਦਾ ਅਭਾਰ ਪ੍ਰਗਟ ਕੀਤਾ, ਜਿਨ੍ਹਾਂ ਨੇ ਭਾਗੀਦਾਰਾਂ ਦੇ ਸਿੱਖਣ ਅਨੁਭਵ ਨੂੰ ਸਮਿ੍ਰੱਧ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਹ ਪਹਿਲ ਡਾਇਟ ਫਿਰੋਜ਼ਪੁਰ ਦੀ ਸਕੂਲ ਮੁੱਖੀਆ ਦੀ ਸਮਰੱਥਾ ਵਧਾਉਣ ਅਤੇ ਸਮਾਵੇਸ਼ੀ ਅਤੇ ਨਿਆਂਯੋਗ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਵਲੋਂ ਇੱਕ ਹੋਰ ਮਹੱਤਵਪੂਰਨ ਕਦਮ ਹੈ।



