ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ’ਤੇ ਨਜਾਇਜ਼ ਤੌਰ ਲੱਗੇ ਐਨ.ਐੱਸ.ਏ. ’ਚ ਤੀਸਰੀ ਵਾਰ ਵਾਧੇ ਦਾ ਵੱਡੇ ਤੌਰ ’ਤੇ ਵਿਰੋਧ
ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਗਏ ਮੰਗ ਪੱਤਰ

ਫ਼ਰੀਦਕੋਟ, 27 ਮਈ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)– ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ’ਤੇ ਨਜਾਇਜ਼ ਤੌਰ ਲੱਗੇ ਐਨ.ਐੱਸ.ਏ. ’ਚ ਤੀਸਰੀ ਵਾਰ ਵਾਧੇ ਦਾ ਵੱਡੇ ਤੌਰ ’ਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਧੀਨ ਆਉਂਦੀਆਂ ਸਾਰੀਆਂ ਜ਼ਿਲ੍ਹਾ ਇਕਾਈਆਂ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਅੱਜ ਪੰਜਾਬ ਦੇ ਹਰ ਜ਼ਿਲੇ ’ਚ ਇੱਕਜੁਟ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰਾਂ ਵੱਲ ਰੋਸ ਮਾਰਚ ਕੀਤੇ ਗਏ। ਪੰਜਾਬ ਦੇ ਹਰ ਜ਼ਿਲੇ੍ਹ ਅੰਦਰ ਸੈਂਕੜਿਆਂ ਦੀ ਗਿਣਤੀ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ, ਵਰਕਰ ਅਤੇ ਸਿੱਖ ਨੌਜਵਾਨ ਸ਼ਾਂਤੀਪੂਰਨ ਢੰਗ ਨਾਲ ਰੋਸ ਵਿਅਕਤ ਕਰਦੇ ਹੋਏ ਕੇਸਰੀ ਨਿਸ਼ਾਨ ਸਾਹਿਬ, ਭਾਈ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਤੇ ਹੱਥਾਂ ’ਚ ਭਾਈ ਅੰਮ੍ਰਿਤਪਾਲ ਸਿੰਘ ’ਤੇ ਲਗਾਏ ਐਨ.ਐੱਸ.ਏ. ਰੱਦ ਕਰੋਂ, ਸਿੱਖ ਨੌਜਵਾਨ ਨੂੰ ਰਿਹਾਅ ਕਰੋਂ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਰਿਹਾਅ ਕਰੋ, ਸਿੱਖ ਕੌਮ ਦੀ ਆਵਾਜ਼ ਨੂੰ ਨਾ ਦਬਾਓ ਵਰਗੇ ਨਾਅਰਿਆਂ ਦੇ ਸਲੋਗਨ ਲੈ ਕੇ ਨਿਕਲੇ ਤੇ ਨਾਅਰਿਆਂ ਦੀ ਗੂੰਜ ਨਾਲ ਪੰਜਾਬ ਦੇ ਹਰੇਕ ਸ਼ਹਿਰ ਵਿਚ ਲੋਕਤੰਤਰਿਕ ਰੂਪ ’ਚ ਆਪਣੀਂ ਆਵਾਜ਼ ਬੁਲੰਦ ਕੀਤੀ ਗਈ। ਪਾਰਟੀ ਆਗੂਆਂ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਲੋਕਤੰਤਰੀ ਢੰਗ ਨਾਲ ਚੋਣ ਜਿੱਤ ਕੇ ਸੰਸਦ ’ਚ ਪਹੁੰਚੇ ਹਨ, ਉਨ੍ਹਾਂ ਉੱਤੇ ਲਗਾਤਾਰ ਐਨ.ਐੱਸ.ਏ. ਦਾ ਵਾਧਾ ਕਰਨਾ ਸਿਰਫ਼ ਅਤੇ ਸਿਰਫ਼ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੇ ਨਾਲ-ਨਾਲ ਲੋਕਤੰਤਰ ਦੀ ਵੀ ਹੱਤਿਆ ਹੈ। ਇਸੇ ਤਰ੍ਹਾਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ’ਤੇ ਲਾ ਕੇ ਰੱਖੀ ਗਈ ਰੋਕ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਗ੍ਰਿਫ਼ਤਾਰ ਹੋਏ ਸਿੱਖ ਨੌਜਵਾਨਾਂ ਦੀ ਲੰਮੀ ਕੈਦ ਸਮੁੱਚੀ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀ ਤੇ ਮਨੁੱਖੀ ਅਧਿਕਾਰਾਂ ਘਾਣ ਕਰਨ ਵਾਲੀ ਹੈ। ਆਗੁੂਆਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜੇਲ੍ਹ ’ਚ ਜਾਣ ਤੋਂ ਪਹਿਲਾਂ ਚਲਾਈ ‘ਨਸ਼ਾ ਵਿਰੋਧੀ ਲਹਿਰ’ ਨੇ ਪੰਜਾਬ ਦੇ ਨੌਜਵਾਨਾਂ ਵਿਚ ਚੇਤਨਾ ਜਗਾਈ ਅਤੇ ਉਨ੍ਹਾਂ ਨੇ ਗੁਰਮਤਿ ਅਧਾਰਿਤ ਜੀਵਨ, ਸਿੱਖ ਸਿਧਾਂਤਾਂ ਦੀ ਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ, ਜਦਕਿ ਇਸਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਹਾਲਾਤ ਵਿਗਾੜਨ ਵਾਲਾ ਕਦਮ ਦੱਸਣਾ ਨਾ ਸਿਰਫ਼ ਹਕੀਕਤ ਤੋਂ ਪਰੇ ਹੈ, ਸਗੋਂ ਇਹ ਸਿੱਖ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦੀ ਯੋਜਨਾ ਦਾ ਹਿੱਸਾ ਵੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹਿਰਾਸਤ ਵਿਚ ਹੋਣ ਦੇ ਬਾਵਜੂਦ ਪੰਜਾਬ ਦੇ ਹਰ ਹਿੱਸੇ ਤੋਂ ਨਸ਼ਿਆਂ ਦੀ ਵੱਧ ਰਹੀ ਭਿਆਨਕ ਸਥਿਤੀ, ਲਾਅ ਐਂਡ ਆਰਡਰ ਦਾ ਡਿੱਗਦਾ ਪੱਧਰ, ਨੌਜਵਾਨਾਂ ਵਿੱਚ ਵੱਧਦੀ ਨਿਰਾਸ਼ਾ ਅਤੇ ਆਰਥਿਕ ਬੇਹਾਲੀ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਸਾਰੇ ਹਾਲਾਤ ਸਿੱਧ ਕਰਦੇ ਹਨ ਕਿ ਅਸਲ ਖ਼ਤਰਾ ਭਾਈ ਅੰਮ੍ਰਿਤਪਾਲ ਸਿੰਘ ਨਹੀਂ, ਸਗੋਂ ਉਹ ਸੂਬਾਈ ਨੀਤੀਆਂ ਹਨ ਜੋ ਨਾਂ ਤਾਂ ਨਸ਼ਿਆਂ ਨੂੰ ਰੋਕ ਸਕੀਆਂ ਅਤੇ ਨਾ ਹੀ ਲੋਕਾਂ ਨੂੰ ਇਨਸਾਫ਼ ਦੇ ਸਕੀਆਂ। ਅਖ਼ੀਰ ਵਿਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਸਮੂਹ ਆਗੂਆਂ ਤੇ ਵਰਕਰਾਂ ਪਾਰਟੀ ਦੇ ਮੁੱਖ ਸੇਵਾਦਾਰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਤੁਰੰਤ ਐਨ.ਐੱਸ.ਏ. ਹਟਾ ਕੇ ਰਿਹਾਅ ਕਰਨ ਦੀ ਮੰਗ ਕਰਦੇ ਹੋਏ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਗਏ। ਇਸ ਮੌਕੇ ਜ਼ਿਲਾ ਫ਼ਰੀਦਕੋਟ ਦੇ ਆਗੂ ਦਲੇਰ ਸਿੰਘ ਡੋਡ, ਹਰਪ੍ਰੀਤ ਸਿੰਘ ਸਮਾਧ ਭਾਈ, ਬਾਬੂ ਸਿੰਘ ਬਰਾੜ, ਸੁਖਜਿੰਦਰ ਸਿੰਘ ਪੰਜਗਰਾਈ, ਬਲਕਾਰ ਸਿੰਘ ਜੈਤੋ, ਗੁਰਚਰਨ ਸਿੰਘ ਸਾਦਿਕ, ਸੂਬੇਦਾਰ ਹਰਬੰਸ ਸਿੰਘ ਫੌਜੀ ਮਾਨੀ ਸਿੰਘ ਵਾਲਾ, ਐਡਵੋਕੇਟ ਕਰਨਵੀਰ ਸਿੰਘ ਫ਼ਰੀਦਕੋਟ, ਉਭਜਿੰਦਰ ਸਿੰਘ ਜਿਉਣ ਵਾਲਾ ਤੇਜਵਿੰਦਰ ਸਿੰਘ ਮਚਾਕੀ ਤਾਜਦੀਪ ਸਿੰਘ ਜਸਵਿੰਦਰ ਸਿੰਘ ਸੋਨੂ ਸਾਦਕ ਗੁਰਲਾਲ ਸਿੰਘ ਰਘਬੀਰ ਸਿੰਘ ਹਸਨ ਭੱਟੀ ਜਤਿੰਦਰ ਸਿੰਘ ਪੱਕਾ ਅਮਰੀਕ ਸਿੰਘ ਭੋਲੂਵਾਲਾ ਗੁਰਵਿੰਦਰ ਸਿੰਘ ਅੰਮ੍ਰਿਤ ਪਾਲ ਸਿੰਘ ਮਚਾਕੀ ਦਿਲਬਾਗ ਸਿੰਘ ਸੁਖਮੰਦਰ ਸਿੰਘ ਸ਼ੇਖੂਪੁਰੀਆ ਹਾਜ਼ਰ ਸਨ।



